ਸੰਗਰੂਰ ''ਤੇ ਮੁੜ ਹੋਇਆ ''ਆਪ'' ਦਾ ਕਬਜ਼ਾ, ਡੇਢ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੇ ਗੁਰਮੀਤ ਸਿੰਘ ਮੀਤ ਹੇਅਰ
Tuesday, Jun 04, 2024 - 07:44 PM (IST)
ਸੰਗਰੂਰ (ਵੈੱਬ ਡੈਸਕ): ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪਣੀ 'ਸਿਆਸੀ ਰਾਜਧਾਨੀ' ਸੰਗਰੂਰ ਦੀ ਸੀਟ 'ਤੇ ਮੁੜ ਕਬਜ਼ਾ ਕਰ ਲਿਆ ਹੈ। ਆਮ ਆਦਮੀ ਪਾਰਟੀ ਨੇ ਇਸੇ ਸੀਟ ਤੋਂ ਪੰਜਾਬ ਵਿਚ ਪੈਰ ਜਮਾਏ ਸਨ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਆਸੀ ਸਫ਼ਰ ਦੀ ਸ਼ੁਰੂਆਤ ਵਿਚ ਇਸੇ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਉਹ 2014 ਅਤੇ 2019 ਵਿਚ ਇੱਥੋਂ ਸੰਸਦ ਮੈਂਬਰ ਚੁਣੇ ਗਏ ਸਨ। ਹਾਲਾਂਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਕਾਰਨ ਉਨ੍ਹਾਂ ਨੂੰ ਇਸ ਸੀਟ ਤੋਂ ਅਸਤੀਫ਼ਾ ਦੇਣਾ ਪਿਆ ਸੀ, ਜਿਸ ਮਗਰੋਂ ਹੋਈਆਂ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2022 ਵਿਚ ਹੋਈਆਂ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਇੱਥੋਂ ਜੇਤੂ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜਿਆਂ ਵਿਚਾਲੇ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਦੀ ਲੋਕਾਂ ਨੂੰ ਖ਼ਾਸ ਅਪੀਲ (ਵੀਡੀਓ)
ਇਹ ਸੀਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ-ਨਾਲ ਸਮੁੱਚੀ ਆਮ ਆਦਮੀ ਪਾਰਟੀ ਲਈ ਮੁੱਛ ਦਾ ਸਵਾਲ ਬਣੀ ਹੋਈ ਸੀ। ਇਹੀ ਵਜ੍ਹਾ ਹੈ ਕਿ ਇੱਥੇ CM ਮਾਨ ਤੇ ਹੋਰ ਲੀਡਰਾਂ ਦੇ ਨਾਲ-ਨਾਲ ਮੁੱਖ ਮੰਤਰੀ ਦੇ ਮਾਤਾ ਅਤੇ ਪਤਨੀ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ ਸੀ। ਉੱਥੇ ਹੀ ਵਿਰੋਧੀਆਂ ਵੱਲੋਂ ਵੀ ਇਸ ਸੀਟ 'ਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਸੀ। ਕਾਂਗਰਸ ਪਾਰਟੀ ਨੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇੱਥੋਂ ਚੋਣ ਲੜਵਾਉਣ ਦਾ ਫ਼ੈਸਲਾ ਲਿਆ ਸੀ, ਪਰ ਉਹ ਵੀ ਵੋਟਾਂ ਦੇ ਮਾਮਲੇ ਵਿਚ ਗੁਰਮੀਤ ਸਿੰਘ ਮੀਤ ਹੇਅਰ ਤੋਂ ਕਾਫ਼ੀ ਪਿੱਛੇ ਰਹਿ ਗਏ।
ਸੰਗਰੂਰ ਹਲਕੇ ਦੇ ਚੋਣ ਨਤੀਜੇ
ਗੁਰਮੀਤ ਸਿੰਘ ਮੀਤ ਹੇਅਰ (AAP) - 364085
ਸੁਖਪਾਲ ਸਿੰਘ ਖਹਿਰਾ CONG - 191525
ਸਿਮਰਨਜੀਤ ਸਿੰਘ ਮਾਨ SAD (A) - 187246
ਸੰਗਰੂਰ ਸੀਟ ਦਾ 1999 ਤੋਂ ਲੈ ਕੇ ਹੁਣ ਤੱਕ ਦਾ ਲੋਕ ਸਭਾ ਚੋਣਾਂ ਦਾ ਪਿਛੋਕੜ
ਲੋਕ ਸਭਾ ਹਲਕਾ ਸੰਗਰੂਰ 'ਚ ਜੇਕਰ 1999 ਤੋਂ ਲੈ ਕੇ 6 ਵਾਰ ਹੋਈਆਂ ਲੋਕ ਸਭਾ ਚੋਣਾਂ (ਇਕ ਵਾਰ ਜ਼ਿਮਨੀ ਚੋਣ) ਤੱਕ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਥੋਂ ਦੋ ਵਾਰ ਅਕਾਲੀ ਦਲ (ਅ) ਇਕ ਵਾਰ ਕਾਂਗਰਸ, ਇਕ ਵਾਰ ਅਕਾਲੀ ਦਲ ਅਤੇ ਦੋ ਵਾਰ ਆਮ ਆਦਮੀ ਪਾਰਟੀ ਜਿੱਤ ਹਾਸਲ ਕਰ ਚੁੱਕੀ ਹੈ।
ਸਾਲ | ਜੇਤੂ | ਪਾਰਟੀ | ਵੋਟਾਂ |
2022 (ਜ਼ਿਮਨੀ ਚੋਣ) | ਸਿਮਰਨਜੀਤ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ (ਅ) | 2,53,154 |
2019 | ਭਗਵੰਤ ਮਾਨ | ਆਮ ਆਦਮੀ ਪਾਰਟੀ | 4,13,561 |
2014 | ਭਗਵੰਤ ਮਾਨ | ਆਮ ਆਦਮੀ ਪਾਰਟੀ | 5,33,237 |
2009 | ਵਿਜੇ ਇੰਦਰ ਸਿੰਗਲਾ | ਕਾਂਗਰਸ | 3,58,670 |
2004 | ਸੁਖਦੇਵ ਸਿੰਘ ਢੀਂਡਸਾ | ਸ਼੍ਰੋਮਣੀ ਅਕਾਲੀ ਦਲ | 2,86,828 |
1999 | ਸਿਮਰਨਜੀਤ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ (ਅ) | 2,98,846 |
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8