ਪੰਜਾਬ 'ਚ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਵਧੀ ਤਲਖ਼ੀ, 'ਆਪ' ਨੇ ਪ੍ਰੈੱਸ ਕਾਨਫਰੰਸ ਕਰਕੇ ਕੱਢੀ ਭੜਾਸ

Saturday, Sep 24, 2022 - 12:29 PM (IST)

ਚੰਡੀਗੜ੍ਹ : ਪੰਜਾਬ ਕੈਬਨਿਟ ਵੱਲੋਂ ਸੱਦਿਆ ਗਿਆ ਵਿਧਾਨ ਸਭਾ ਦਾ ਇਜਲਾਸ ਰਾਜਪਾਲ ਵੱਲੋਂ ਰੱਦ ਕਰਨ ਮਗਰੋਂ ਪੰਜਾਬ ਸਰਕਾਰ ਅਤੇ ਰਾਜਪਾਲ ਵਿਚਾਲੇ ਤਲਖ਼ੀ ਵੱਧ ਗਈ ਹੈ। ਇੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਰਾਜਪਾਲ ਖ਼ਿਲਾਫ਼ ਭੜਾਸ ਕੱਢੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਰਾਜਪਾਲ ਨੇ 75 ਸਾਲਾਂ 'ਚ ਜੋ ਨਹੀਂ ਹੋਇਆ, ਉਨ੍ਹਾਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਨਵੀਂ ਚਿੱਠੀ ਕੱਢ ਦਿੱਤੀ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਵਿਧਾਨ ਸਭਾ 'ਚ ਕੀ-ਕੀ ਹੋਵੇਗਾ, ਇਸ ਸਬੰਧੀ ਜਾਣਕਾਰੀ ਮੰਗ ਲਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : Mann ਸਰਕਾਰ ਤੇ ਰਾਜਪਾਲ ਵਿਚਾਲੇ ਟਕਰਾਅ ਵੱਧਣ ਦੇ ਆਸਾਰ, ਭੜਕੇ CM ਬੋਲੇ-ਹੱਦ ਹੀ ਹੋ ਗਈ ਹੈ

ਉਨ੍ਹਾਂ ਕਿਹਾ ਕਿ ਭਾਜਪਾ ਦੇ ਕਹਿਣ 'ਤੇ ਹੀ ਰਾਜਪਾਲ ਵੱਲੋਂ ਇਜਲਾਸ ਰੱਦ ਕੀਤਾ ਗਿਆ ਹੈ। ਇਸ ਰੱਦ ਪਿੱਛੇ 'ਆਪਰੇਸ਼ਨ ਲੋਟਸ' ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ 27 ਸਤੰਬਰ ਨੂੰ ਜਿੰਨੇ ਮੁੱਦਿਆਂ 'ਤੇ ਵਿਚਾਰ ਕੀਤੀ ਜਾਵੇਗੀ, ਉਹ ਸਾਰੇ ਮੁੱਦੇ ਪੰਜਾਬ ਦੇ ਲੋਕਾਂ ਨਾਲ ਸਬੰਧਿਤ ਹੋਣਗੇ। ਅਮਨ ਅਰੋੜਾ ਨੇ ਕਿਹਾ ਕਿ ਇਜਲਾਸ ਦੌਰਾਨ ਭਰੋਸਗੀ ਮਤਾ ਲਿਆਂਦਾ ਜਾਂਦਾ ਹੈ ਜਾਂ ਨਹੀਂ, ਇਹ 27 ਸਤੰਬਰ ਨੂੰ ਇਜਲਾਸ ਦੌਰਾਨ ਹੀ ਪਤਾ ਲੱਗੇਗਾ।

ਇਹ ਵੀ ਪੜ੍ਹੋ : PSEB ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਰੱਦ ਹੋਇਆ ਇਹ ਸ਼ਡਿਊਲ

ਉਨ੍ਹਾਂ ਕਿਹਾ ਕਿ ਜੋ ਵੀ ਸਾਨੂੰ ਸਾਡੇ ਸੰਵਿਧਾਨਿਕ ਹੱਕਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ, ਉਹ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਹੈ। ਇਜਲਾਸ ਰੱਦ ਕਰਨ 'ਤੇ ਰਾਜਪਾਲ ਖ਼ਿਲਾਫ਼ ਸੁਪਰੀਮ ਕੋਰਟ ਜਾਣ ਦੇ ਸਵਾਲ 'ਤੇ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਇਸ ਬਾਰੇ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਦਾਲਤ 'ਚ ਜਾਣ ਦਾ ਕੋਈ ਸ਼ੌਂਕ ਨਹੀਂ ਹੈ, ਉਹ ਸਿਰਫ ਇੰਨਾ ਚਾਹੁੰਦੇ ਹਨ ਕਿ ਰਾਜਪਾਲ ਸਿਰਫ ਆਪਣਾ ਕੰਮ ਕਰਨ ਅਤੇ ਸਾਡੇ ਕੰਮ 'ਚ ਦਖ਼ਲ-ਅੰਦਾਜ਼ੀ ਨਾ ਕਰਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News