ਦਿੱਲੀ ਨਤੀਜਿਆਂ ਤੋਂ ਉਤਸ਼ਾਹਿਤ ‘ਆਪ’ ਦੀਆਂ ਨਜ਼ਰਾਂ ਹੁਣ ਪੰਜਾਬ ’ਤੇ ਟਿਕੀਆਂ

Wednesday, Feb 12, 2020 - 10:12 AM (IST)

ਦਿੱਲੀ ਨਤੀਜਿਆਂ ਤੋਂ ਉਤਸ਼ਾਹਿਤ ‘ਆਪ’ ਦੀਆਂ ਨਜ਼ਰਾਂ ਹੁਣ ਪੰਜਾਬ ’ਤੇ ਟਿਕੀਆਂ

ਚੰਡੀਗੜ੍ਹ (ਰਮਨਜੀਤ) – ਦਿੱਲੀ ਵਿਧਾਨ ਸਭਾ ਚੋਣਾਂ ’ਚ ‘ਆਪ’ ਨੂੰ ਮਿਲੀ ਜ਼ਬਰਦਸਤ ਜਿੱਤ ਨੇ ਦਿੱਲੀ ਦੇ ਨਾਲ-ਨਾਲ ਪੰਜਾਬ ’ਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਆਪ ਪੰਜਾਬ ਦੇ ਨੇਤਾਵਾਂ ਅਤੇ ਵਰਕਰਾਂ ’ਚ ਦਿੱਲੀ ਚੋਣ ਨਤੀਜਿਆਂ ਨੇ ਜਿਵੇਂ ਨਵੇਂ ਖੂਨ ਦਾ ਸੰਚਾਰ ਕਰ ਦਿੱਤਾ ਹੈ ਤੇ ਪਾਰਟੀ ਲੀਡਰਸ਼ਿਪ ਨੇ ਹੁਣ ਤੋਂ 2022 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀ ਖਿੱਚਣ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਹੈ। ‘ਆਪ’ ਹਾਲਾਂਕਿ ਪਹਿਲਾਂ ਤੋਂ ਪੰਜਾਬ ’ਚ ਮਹਿੰਗੀ ਬਿਜਲੀ ਦੇ ਮੁੱਦੇ ’ਤੇ ਅੰਦੋਲਨ ਚਲਾ ਰਹੀ ਹੈ ਪਰ ਦਿੱਲੀ ਚੋਣਾਂ ’ਚ ਬਿਜਲੀ, ਪਾਣੀ, ਸਿਹਤ ਅਤੇ ਸਿੱਖਿਆ ਵਰਗੇ ਮੁੱਦਿਆਂ ਦੇ ਦਮ ’ਤੇ ਮਿਲੀ ਜਿੱਤ ਮਗਰੋਂ ਪੰਜਾਬ ’ਚ ‘ਬਿਜਲੀ ਅੰਦੋਲਨ’ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਗਿਆ। ‘ਆਪ’ ਲੀਡਰਸ਼ਿਪ ਨੇ ਦਿੱਲੀ ਜਿੱਤ ਦੇ ਜਸ਼ਨ ਅਤੇ ਅਰਵਿੰਦ ਕੇਜਰੀਵਾਲ ਵਲੋਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਵਰਕਰਾਂ ਨੂੰ ਆਪਣੇ-ਆਪਣੇ ਜ਼ਿਲਿਆਂ ’ਚ ‘ਬਿਜਲੀ ਅੰਦੋਲਨ’ ਸਬੰਧੀ ਬੈਠਕਾਂ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।

ਪਾਰਟੀ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਚਲਾਏ ਜਾ ਰਹੇ ‘ਬਿਜਲੀ ਅੰਦੋਲਨ’ ਨੂੰ ਹੁਣ ਤੱਕ ਹਲਕੇ ’ਚ ਲੈ ਰਹੀ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਹੁਣ ਦਬਾਅ ਹੋਰ ਵੱਧ ਜਾਵੇਗਾ। ਹਾਲਾਂਕਿ ਵਿਰੋਧੀ ਧਿਰ ਵਲੋਂ ਲਗਾਤਾਰ ਚੁੱਕੇ ਜਾ ਰਹੇ ਮਹਿੰਗੀ ਬਿਜਲੀ ਅਤੇ ਨਿੱਜੀ ਥਰਮਲ ਪਲਾਂਟਾਂ ਦੇ ਮੁੱਦੇ ’ਤੇ ਹੋ ਰਹੀ ਕਿਰਕਰੀ ਮਗਰੋਂ ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਨੇ ਮਹਿੰਗੀ ਬਿਜਲੀ ਕਾਰਣ ਆਪਣੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਸੀ ਪਰ ਹੁਣ ਸਥਿਤੀ ਹੋਰ ਮੁਸ਼ਕਲ ਬਣ ਗਈ। ਦਿੱਲੀ ਦੇ ਚੋਣ ਪ੍ਰਚਾਰ ਦੌਰਾਨ ‘ਆਪ’ ਵਲੋਂ ਜਿੱਥੇ ਕੇਜਰੀਵਾਲ ਸਰਕਾਰ ਵਲੋਂ ਦਿੱਤੀ ਗਈ ਸਸਤੀ ਬਿਜਲੀ ਦਾ ਪ੍ਰਚਾਰ ਕੀਤਾ ਜਾਂਦਾ ਰਿਹਾ, ਉਥੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਕੀਤੇ ਗਏ ਪ੍ਰਚਾਰ ਦੌਰਾਨ ਪੰਜਾਬ ’ਚ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੇਣ ਦੇ ਬਿਆਨ ਨੂੰ ਲੈ ਕੇ ਵਿਵਾਦ ਉਠ ਗਿਆ। ‘ਆਪ’ ਨੇ ਹੁਣ ਪੰਜਾਬ ’ਚ ਮਹਿੰਗੀ ਬਿਜਲੀ ਦੇ ਨਾਲ-ਨਾਲ ਪੰਜਾਬ ਦੇ ਸਿੱਖਿਆ ਅਤੇ ਸਿਹਤ ਵਿਭਾਗ ਨੂੰ ਵੀ ਨਿਸ਼ਾਨੇ ’ਤੇ ਰੱਖਦੇ ਹੋਏ ਅਗਲੇ 2 ਸਾਲ ਦਾ ਐਕਸ਼ਨ ਪਲਾਨ ਬਣਾਉਣ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਚੋਣਾਂ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਸਾਡੇ ਦੇਸ਼ ਦੇ ਲੋਕ ਹਾਲੇ ਵੀ ਵਿਕਾਸ ਅਤੇ ਮੁੱਢਲੀਆਂ ਸਹੂਲਤਾਂ ਦੇ ਮੁੱਦੇ ਨੂੰ ਅਹਿਮੀਅਤ ਦਿੰਦੇ ਹਨ ਅਤੇ ਇਨ੍ਹਾਂ ਦੇ ਮੁਕਾਬਲੇ ਬਹਿਕਾਵੇ ਵਾਲੀ ਰਾਜਨੀਤੀ ਨੂੰ ਮਹੱਤਵ ਨਹੀਂ ਦਿੰਦੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਜਿਥੇ ਮਹਿੰਗੀ ਬਿਜਲੀ ਤੋਂ ਪ੍ਰੇਸ਼ਾਨ ਹਨ, ਉਥੇ ਪੰਜਾਬ ’ਚ ਦਿਨੋਂ-ਦਿਨ ਬਦਤਰ ਹੋ ਰਹੀ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਵੀ ਹਰ ਘਰ ’ਚ ਚਿੰਤਾ ਦਿਸਦੀ ਹੈ। ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ 2022 ’ਚ ਹੋਣ ਵਾਲੀਆਂ ਚੋਣਾਂ ਲਈ ‘ਆਪ’ ਤੋਂ ਤਿਆਰ ਹੋ ਕੇ ਇਨ੍ਹਾਂ ਮੁੱਢਲੇ ਮੁੱਦਿਆਂ ’ਤੇ ਲੋਕਾਂ ਨੂੰ ਆਪਣੇ ਨਾਲ ਜੋੜੇਗੀ ਅਤੇ ਪੰਜਾਬ ’ਚ ਵਾਰੀ-ਵਾਰੀ ਸੱਤਾ ’ਤੇ ਕਾਬਜ਼ ਹੋਣ ਵਾਲੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਵਰਗੀਆਂ ਪਾਰਟੀਆਂ ਤੋਂ ਪਿਛਲੇ 70 ਸਾਲਾਂ ਦਾ ਹਿਸਾਬ ਮੰਗੇਗੀ।


author

rajwinder kaur

Content Editor

Related News