ਕਿਸਾਨਾਂ ਦੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ‘ਆਪ’ ਕਰ ਰਹੀ ਕਿਸਾਨ ਮਹਾਸੰਮੇਲਨ : ਚੀਮਾ
Friday, Mar 19, 2021 - 02:59 AM (IST)
ਚੰਡੀਗੜ੍ਹ,(ਰਮਨਜੀਤ)– ਬਾਘਾਪੁਰਾਣਾ ਵਿਚ ਹੋਣ ਵਾਲਾ ਕਿਸਾਨ ਮਹਾਸੰਮੇਲਨ ਮੌਜੂਦਾ ਸਮੇਂ ਵਿਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਵੱਲ ਵਧਾਇਆ ਗਿਆ ਇਕ ਕਦਮ ਸਾਬਿਤ ਹੋਵੇਗਾ। ਇਹ ਦਾਅਵਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 21 ਮਾਰਚ ਨੂੰ ਹੋਣ ਵਾਲੇ ਇਸ ਸੰਮੇਲਨ ਵਿਚ ਪਹੁੰਚਣ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 21 ਮਾਰਚ ਨੂੰ ਸਵੇਰੇ 11 ਵਜੇ ਅਰਵਿੰਦ ਕੇਜਰੀਵਾਲ ਬਾਘਾ ਪੁਰਾਣਾ ਪਹੁੰਚਣਗੇ ਅਤੇ ਮਹਾਸੰਮੇਲਨ ਰਾਹੀਂ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨਗੇ ਅਤੇ ਕਿਸਾਨਾਂ ਦੀ ਆਵਾਜ਼ ਪੂਰੇ ਦੇਸ਼ ਭਰ ਵਿਚ ਬੁਲੰਦ ਕਰਨਗੇ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਤੇ ਹੋਰ ਕਈ ਵਿਰੋਧੀ ਤਾਕਤਾਂ ਵੱਲੋਂ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਆਮ ਆਦਮੀ ਪਾਰਟੀ ਕਿਸਾਨ ਮਹਾਸੰਮੇਲਨ ਦਾ ਆਯੋਜਨ ਕਰ ਰਹੀ ਹੈ ਤਾਂ ਕਿ ਅੰਦੋਲਨ ਨੂੰ ਮਜ਼ਬੂਤ ਬਣਾਇਆ ਜਾ ਸਕੇ ਅਤੇ ਕਿਸਾਨਾਂ ਦੀ ਆਵਾਜ਼ ਕੇਂਦਰ ਦੀ ਸੱਤਾ ਤੱਕ ਪਹੁੰਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਕਿਸਾਨਾਂ ਨੇ ਜੰਗਲ ਵਿਚ ਜਨਵਰਾਂ ਨਾਲ ਲੜਕੇ ਜ਼ਮੀਨ ਨੂੰ ਉਪਜਾਊ ਬਣਾਇਆ ਤਾਂ ਕਿ ਇਸ ਦੇਸ਼ ਦੇ ਲੋਕਾਂ ਦਾ ਪੇਟ ਭਰਿਆ ਜਾ ਸਕੇ। ਸਾਡੇ ਦੇਸ਼ ਦੇ ਕਿਸਾਨਾਂ ਨੇ ਖੁਦ ਨੂੰ ਭੁੱਖਾ ਰੱਖਕੇ ਦੇਸ਼ ਨੂੰ ਭੋਜਨ ਖਵਾਇਆ। ਹੁਣ ਉਸੇ ਕਿਸਾਨ ਨੂੰ ਮੋਦੀ ਸਰਕਾਰ ਨੇ ਧੋਖਾ ਦਿੱਤਾ ਹੈ। ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਨ੍ਹਾਂ ਤੋਂ ਉਨ੍ਹਾਂ ਦੀ ਜ਼ਮੀਨ ਖੋਹਣ ਦੀ ਚਾਲ ਚਲੀ ਜਾ ਰਹੀ ਹੈ।