''ਆਪ'' ਵਿਧਾਇਕਾ ਦੀ ਦੋਹਰੀ ਵੋਟ ਦਾ ਮਾਮਲਾ ਭਖਿਆ, ਰਾਸ਼ਟਰਪਤੀ ਨੂੰ ਕੀਤੀ ਸ਼ਿਕਾਇਤ
Sunday, Nov 18, 2018 - 10:44 AM (IST)

ਬਠਿੰਡਾ (ਵਰਮਾ)— ਆਮ ਆਦਮੀ ਪਾਰਟੀ ਦੀ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਦੋਹਰੀ ਵੋਟ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ, ਜਦਕਿ ਵਿਧਾਇਕਾ ਦਾ ਕਹਿਣਾ ਹੈ ਕਿ ਉਸ ਕੋਲ ਇਕ ਹੀ ਵੋਟ ਹੈ ਪਰ ਰਿਕਾਰਡ 'ਚ ਉਸਦੀ ਵੋਟ ਬਣੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਸਮਾਜ ਸੇਵੀ ਹਰਮਿਲਾਪ ਗਰੇਵਾਲ ਨੇ ਆਰ. ਟੀ. ਆਈ. ਰਾਹੀਂ ਜਾਣਕਾਰੀ ਹਾਸਲ ਕੀਤੀ ਹੈ। ਜਿਸ ਵਿਚ ਉਨ੍ਹਾਂ ਅਨੁਸਾਰ ਬਲਜਿੰਦਰ ਕੌਰ ਨੂੰ ਗੋਦ ਲੈਣ ਵਾਲੇ ਪਿਤਾ ਦੇ ਸਥਾਨ 'ਤੇ ਜਨਮ ਦੇਣ ਵਾਲੇ ਪਿਤਾ ਦੀ ਬਣੀ ਵੋਟ 'ਤੇ ਚੋਣ ਲੜਣਾ ਸ਼ਾਮਲ ਹੈ।
ਸ਼ਿਕਾਇਤਕਰਤਾ ਨੇ ਐੱਸ. ਡੀ. ਐੱਮ. ਤਲਵੰਡੀ ਸਾਬੋ ਤੇ ਡੀ. ਸੀ. ਬਠਿੰਡਾ ਵਲੋਂ ਚੋਣ ਕਮਿਸ਼ਨ ਨੂੰ ਭੇਜੀ ਰਿਪੋਰਟ 'ਤੇ ਨਾ ਕਾਰਵਾਈ ਕਰਨ ਦਾ ਵੀ ਦੋਸ਼ ਲਾਇਆ। ਹੁਣ ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਲਿਖਤੀ ਪੱਤਰ ਭੇਜ ਕੇ ਸ਼ਿਕਾਇਤ ਕੀਤੀ ਹੈ। ਰਾਸ਼ਟਰਪਤੀ ਭਵਨ 'ਚ ਭੇਜੀ ਗਈ ਸ਼ਿਕਾਇਤ 'ਚ ਉਨ੍ਹਾਂ ਨੇ ਵਿਧਾਇਕਾ ਦੀ ਗਲਤ ਵੋਟ 'ਤੇ ਚੋਣ ਲੜਣ ਦੀ ਗੱਲ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਫੈਸਲਾ ਨਾ ਹੋਇਆ ਤਾਂ ਉਹ ਅਦਾਲਤ 'ਚ ਜਾਣਗੇ। ਭੇਜੀ ਸ਼ਿਕਾਇਤ 'ਚ ਲਿਖਿਆ ਕਿ ਆਪ ਵਿਧਾਇਕਾ ਬਲਜਿੰਦਰ ਕੌਰ ਨੇ ਗੋਦ ਲਏ ਪਿਤਾ ਅਮਰਜੀਤ ਸਿੰਘ ਦੇ ਨਾਮ 'ਤੇ ਵੋਟ ਬਣਾਈ ਸੀ, ਦੂਸਰੀ ਵੋਟ ਜਨਮ ਦੇਣ ਵਾਲੇ ਪਿਤਾ ਦਰਸ਼ਨ ਸਿੰਘ ਦੇ ਨਾਮ ਨਾਲ ਵੋਟ ਬਣਾਈ। ਦੂਸਰੀ ਵੋਟ ਬਣਾਉਣ ਤੋਂ ਪਹਿਲਾਂ ਉਸਨੇ ਹਲਫੀਆ ਬਿਆਨ ਦਿੱਤਾ ਸੀ, ਜਿਸ ਵਿਚ ਕਿਹਾ ਕਿ ਉਹ ਗੋਦ ਲੈਕੇ ਪਿਤਾ ਸੰਪਤੀ ਨਾਲ ਕੋਈ ਹੱਕ ਨਹੀਂ ਮੰਗੇਗੀ ਅਤੇ ਉਸਨੇ ਗੋਦਨਾਮਾ ਵੀ ਰੱਦ ਨਹੀਂ ਕੀਤਾ। ਸ਼ਿਕਾਇਤ ਦੇ ਜਵਾਬ 'ਚ ਬਲਜਿੰਦਰ ਕੌਰ ਨੇ ਚੋਣ ਅਧਿਕਾਰੀ ਨੂੰ ਆਪਣੀ ਦੂਸਰੀ ਵੋਟ 'ਚ ਅਣਜਾਣਤਾ ਹੋਣ ਦਾ ਹਲਫੀਆ ਬਿਆਨ ਦਿੱਤਾ ਸੀ, ਜਦਕਿ ਉਸਨੇ ਦੋ ਵੋਟ ਹੋਣ ਦੇ ਦਾਅਵੇ ਨੂੰ ਵੀ ਮੰਨ ਲਿਆ ਸੀ। ਬਲਜਿੰਦਰ ਕੌਰ ਨੇ ਸੰਪਰਕ ਕਰਨ 'ਤੇ ਕਿਹਾ ਕਿ ਉਸਦੀ ਇਕ ਹੀ ਵੋਟ ਹੈ। ਕੁਝ ਲੋਕ ਉਸ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।