‘ਆਪ’ ’ਚ ਸ਼ਾਮਲ ਹੋ ਰਹੇ ਨਵੇਂ ਨੇਤਾਵਾਂ ਦੀ ਐਂਟਰੀ ’ਤੇ ਪੁਰਾਣੇ ਆਗੂ ਕਰ ਰਹੇ ਨੇ ਕਈ ਸਵਾਲ

Friday, Apr 16, 2021 - 01:10 PM (IST)

ਅੰਮ੍ਰਿਤਸਰ (ਰਮਨ) - ਪਿਛਲੇ ਦਿਨੀਂ ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ’ਚ ਹੋਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਬਾਅਦ ਰਾਜਨੀਤੀ ਦੇ ਸਮੀਕਰਨ ਬਦਲ ਗਏ ਹਨ। ਇਸੇ ਸਦਕਾ ਹੁਣ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵੱਲੋਂ ‘ਆਪ’ ’ਚ ਸ਼ਾਮਲ ਹੋਣ ਲਈ ਪਾਰਟੀ ਦੇ ਮੌਜੂਦਾ ਨੇਤਾਵਾਂ ਕੋਲ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਵਿਧਾਨ ਸਭਾ ਚੋਣ 2017 ’ਚ ਵੀ ਆਮ ਆਦਮੀ ਪਾਰਟੀ ਨੇ ਪੰਜਾਬ ’ਚ ਆਪਣੀ ਜਗ੍ਹਾ ਬਣਾ ਲਈ ਸੀ ਤੇ ਇਸ ਵਾਰ ਨਵੇਂ ਚਿਹਰਿਆਂ ਦੇ ਨਾਲ ਉਹ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਜ਼ੋਰ ਲਗਾਉਣਗੇ।

ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਹੁਣ ਦਿਹਾਤੀ ਕਸਬਿਆਂ ’ਚ ਵੀ ਪਾਰਟੀ ਨੇ ਆਪਣੀ ਹੋਂਦ ਮਜ਼ਬੂਤ ਕੀਤੀ ਹੈ ਪਰ ਹੁਣ ਨਵੇਂ ਨੇਤਾਵਾਂ ਦੀ ਐਂਟਰੀ ਨਾਲ ਪੁਰਾਣੇ ਨੇਤਾ ਕਈ ਸਵਾਲ ਉਠਾ ਰਹੇ ਹਨ। ਉਕਤ ਆਗੂ ਕਹਿੰਦੇ ਨਜ਼ਰ ਆ ਰਹੇ ਹਨ ਕਿ ਕੀ ਇਹ ਨੇਤਾ ਵਿਧਾਨ ਸਭਾ ਚੋਣਾਂ ਦੀ ਟਿਕਟ ਆਪਣੀ ਪੱਕੀ ਕਰ ਕੇ ਆਏ ਹਨ। ਜਿਸ ਤਰ੍ਹਾਂ ਪੰਜਾਬ ’ਚ ਆਮ ਆਦਮੀ ਪਾਰਟੀ ਦਾ ਮਾਹੌਲ ਚੱਲ ਰਿਹਾ ਹੈ ਅਤੇ ਨਵੇਂ ਨੇਤਾ ਪਾਰਟੀ ’ਚ ਸ਼ਾਮਲ ਹੋ ਰਹੇ ਹਨ ਅਤੇ ਕਈ ਵੱਡੇ ਕਦਵਾਰ ਨੇਤਾਵਾਂ ਦੀ ਆਉਣ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ।

ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪੁਰਾਣੇ ਨੇਤਾਵਾਂ ਦੀ ਟਿਕਟ ਕੱਟਣ ਵਾਲੀ ਹੈ। ਹਮੇਸ਼ਾ ਜਦੋਂ ਵੀ ‘ਆਪ’ ਵੱਲੋਂ ਕਿਸੇ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਕਾਫ਼ੀ ਸਰਵੇ ਕਰਵਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਪਾਰਟੀ ਹਾਈਕਮਾਨ ਵੱਲੋਂ ਟਿਕਟ ਦਿੱਤੀ ਜਾਂਦੀ ਹੈ। ਇਸ ਸਮੇਂ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਪੰਜਾਂ ਵਿਧਾਨ ਸਭਾ ਖੇਤਰਾਂ ’ਚ ਕਈ ਨੇਤਾ ਖ਼ੁਦ ਨੂੰ ਵਿਧਾਨ ਸਭਾ ਸੀਟ ਦਾ ਉਮੀਦਵਾਰ ਅਜੇ ਹੀ ਸਮਝ ਕੇ ਬੈਠੇ ਹਨ। ਜੇਕਰ ਵੱਡੇ ਨੇਤਾਵਾਂ ਦੀ ਐਂਟਰੀ ਹੋਈ ਤਾਂ ਕਈ ਚਿਹਰੇ ਬਦਲੇ ਨਜ਼ਰ ਆਉਣਗੇ।

ਸਰਰਗਮ ਹੋਏ ਪਾਰਟੀ ਦੇ ਵਰਕਰ : 
‘ਆਪ’ ਦੇ ਕਈ ਪੁਰਾਣੇ ਵਰਕਰ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਚੁੱਪ ਧਾਰ ਕੇ ਬੈਠੇ ਹੋਏ ਸਨ ਪਰ ਹੁਣ ਨਵੇਂ ਨੇਤਾਵਾਂ ਦੀ ਐਂਟਰੀ ਨਾਲ ਉਹ ਫਿਰ ਤੋਂ ਸਰਰਗਮ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ ’ਚ ਪਾਰਟੀ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਉਦੋਂ ਉਨ੍ਹਾਂ ਵੱਲੋਂ ਘਰ-ਘਰ ਜਾ ਕੇ ‘ਆਪ’ ਦਾ ਪ੍ਰਚਾਰ ਕੀਤਾ ਗਿਆ ਸੀ ਪਰ ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਟਿਕਟਾਂ ਦੇ ਕਈ ਦਾਅਵੇਦਾਰ ਖੜੇ ਹੋ ਰਹੇ ਹਨ। ਉਥੇ ਹੀ ਨਵੇਂ ਨੇਤਾ ਵੀ ਇਹੀ ਸੋਚ ਕੇ ਪਾਰਟੀ ’ਚ ਜੁਆਇੰਨ ਕਰ ਰਹੇ ਹਨ ਕਿ ਉਨ੍ਹਾਂ ਨੂੰ ਟਿਕਟ ਮਿਲ ਜਾਵੇਗੀ। ਆਉਣ ਵਾਲੇ ਸਮੇਂ ’ਚ ‘ਆਪ’ ਹਾਈਕਮਾਨ ਨੂੰ ਆਪਣੇ ਪੁਰਾਣੇ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਭਗਤ ਦੇ ਜੁਆਇਨ ਕਰਦੇ ਹੀ ਸ਼ਹਿਰ ਦੇ ਰਾਜਨੀਤੀ ਗਲਿਆਰਿਆਂ ’ਚ ਚਰਚਾ :
ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਪਿਛਲੇ ਦਿਨੀਂ ‘ਆਪ’ ’ਚ ਸ਼ਾਮਲ ਹੋਏ ਅਤੇ ਉਨ੍ਹਾਂ ਦੀ ਇਸ ਜੁਆਇਨਿੰਗ ਤੋਂ ਬਾਅਦ ਸ਼ਹਿਰ ਦੇ ਰਾਜਨੀਤੀ ਗਲਿਆਰਿਆਂ ’ਚ ਕਾਫ਼ੀ ਚਰਚਾ ਦਾ ਮਾਹੌਲ ਬਣ ਗਿਆ। ਉਥੇ ਹੀ ਭਗਤ ਨੇ ‘ਆਪ’ ’ਚ ਸ਼ਾਮਲ ਹੁੰਦਿਆਂ ਹੀ ਕਈ ਤਿੱਖੇ ਸ਼ਬਦੀ ਵਾਰ ਕਾਂਗਰਸ ’ਤੇ ਕੀਤੇ। ਉਨ੍ਹਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਹੁਣ ਉਹ ਪਾਰਟੀ ਕਮਰਸ਼ੀਅਲ ਹੋ ਗਈ ਹੈ। ਵਰਕਰਾਂ ਦੀ ਕੋਈ ਪੁੱਛਗਿਛ ਨਹੀਂ ਹੈ। ਉਥੇ ਹੀ ਦੂਜੇ ਪਾਸੇ ਸ਼ਹਿਰ ’ਚ ਵੀ ਕਈ ਪਾਰਟੀ ਵਰਕਰਾਂ ਅਤੇ ਨੇਤਾ ਉਨ੍ਹਾਂ ਦੇ ਅੱਜ ਵੀ ਸੰਪਰਕ ’ਚ ਹਨ, ਜੋ ਆਉਣ ਵਾਲੇ ਸਮੇਂ ’ਚ ਕਿਸੇ ਵੀ ਸਮੇਂ ‘ਆਪ’ ’ਚ ਸ਼ਾਮਲ ਹੋ ਸਕਦੇ ਹਨ।


rajwinder kaur

Content Editor

Related News