''ਆਪ'' ਤੇ ਅਕਾਲੀ ਦਲ ਕਰ ਰਹੇ ਚੋਣ ਪ੍ਰਚਾਰ, ਕਾਂਗਰਸ ਅਜੇ ਵੀ ਕਰ ਰਹੀ ਸੋਚ ਵਿਚਾਰ
Sunday, Jan 31, 2021 - 03:30 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ/ ਪਵਨ)- ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਮੁਹਿੰਮ ਭਾਵੇਂ ਪੂਰੀ ਤਰ੍ਹਾਂ ਭਖ ਚੁੱਕੀ ਹੈ। ਕਾਗਜ਼ ਭਰਨ ਦੀ ਆਖਰੀ ਮਿਤੀ 3 ਫਰਵਰੀ ਹੈ। ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ 31 ਵਾਰਡਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਐਲਾਨ ਦਿਤੇ ਹਨ, ਆਮ ਆਦਮੀ ਪਾਰਟੀ ਨੇ ਸਾਰੇ ਵਾਰਡਾਂ 'ਚ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਇਸ ਸਭ ਦੇ ਦਰਮਿਆਨ ਸੱਤਾਧਾਰੀ ਕਾਂਗਰਸ ਵੱਲੋ ਅਜੇ ਤਕ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਗਈ। ਹਾਲ ਇਹ ਹੈ ਕਿ ਆਪਣੇ ਆਪ ਨੂੰ ਹੁਣ ਤਕ ਸਭ ਤੋਂ ਅਨੁਸ਼ਾਸਿਤ ਪਾਰਟੀ ਕਹਾਉਂਦੀ ਰਹੀ ਕਾਂਗਰਸ ਦਾ ਅਨੁਸ਼ਾਸਨ ਇਸ ਕਦਰ ਨਜ਼ਰ ਆ ਰਿਹਾ ਕਿ ਬਿਨਾਂ ਕੋਈ ਦਫ਼ਤਰੀ ਸੂਚੀ ਜਾਰੀ ਹੋਏ ਹੀ ਕਈ ਵਾਰਡਾਂ 'ਚ ਆਪਣੇ ਆਪ ਨੂੰ ਉਮੀਦਵਾਰ ਦੱਸਦਿਆ ਕਾਂਗਰਸੀਆਂ ਨੇ ਪੋਸਟਰ ਬੈਨਰ ਤਕ ਲਾ ਦਿਤੇ ਹਨ।
ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਦੀ ਸੂਚੀ ਵਿਚ ਦੇਰੀ ਦਾ ਵੱਡਾ ਕਾਰਨ ਹੇਠਲੇ ਪੱਧਰ 'ਤੇ ਪਾਰਟੀ 'ਚ ਕਥਿਤ ਧੜੇਬੰਦੀ ਹੈ। ਬੇਸ਼ੱਕ ਕਾਂਗਰਸ ਵੱਲੋਂ ਇਸ ਹਲਕੇ ਦੇ ਦੇਖ ਰੇਖ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਕਰ ਰਹੇ ਹਨ ਪਰ ਐੱਮ ਸੀ ਚੋਣਾਂ ਦੀ ਟਿਕਟ ਵੰਡ ਸਮੇਂ ਇਕ ਗੁਆਂਢੀ ਹਲਕੇ ਦੇ ਵਿਧਾਇਕ, ਵਿਰੋਧੀ ਪਾਰਟੀ ਤੋਂ ਕਾਂਗਰਸ 'ਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਅਤੇ ਕੁਝ ਹੋਰ ਕਾਂਗਰਸੀ ਧੜਿਆਂ ਵਲੋਂ ਆਪੋ ਆਪਣੇ ਕੋਟੇ 'ਚ ਟਿਕਟਾਂ ਦੀ ਮੰਗ ਕੀਤੀ ਜਾ ਰਹੀ ਹੈ। ਆਲਮ ਇਹ ਹੈ ਕਿ ਪਾਰਟੀ ਵੱਲੋ ਕੋਈ ਦਫ਼ਤਰੀ ਸੂਚੀ ਜਾਰੀ ਨਾ ਹੋਣ ਕਾਰਨ ਜਿਥੇ ਵੱਖ ਵੱਖ ਵਾਰਡਾਂ ਚ ਦੋ-ਦੋ, ਤਿੰਨ-ਤਿੰਨ ਵਿਅਕਤੀ ਆਪਣੇ ਆਪ ਨੂੰ ਕਾਂਗਰਸੀ ਟਿਕਟ ਦਾ ਮਜ਼ਬੂਤ ਦਾਅਵੇਦਾਰ ਦਸ ਰਹੇ ਹਨ, ਉਥੇ ਹੀ ਕੁਝ ਵਾਰਡਾਂ 'ਚ ਤਾਂ ਬਿਨਾਂ ਸੂਚੀ ਜਾਰੀ ਹੋਏ ਕਈ ਦਾਅਵੇਦਾਰਾਂ ਚੋਣ ਨਿਸ਼ਾਨ ਪੰਜੇ ਨਾਲ ਬੈਨਰ ਪੋਸਟਰ ਤਕ ਲਵਾ ਦਿੱਤੇ ਹਨ ।
ਦੂਜੇ ਪਾਸੇ ਬੀਤੇ ਕਰੀਬ ਇਕ ਹਫ਼ਤੇ ਤੋਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਵਾਰਡਾਂ 'ਚ ਧੂੰਆਂਧਾਰ ਪ੍ਰਚਾਰ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਦ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਆਬਜ਼ਰਵਰ ਨਿਯੁਕਤ ਕੀਤੇ ਗਏ ਪਵਨ ਗੋਇਲ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਸ਼ਾਮ ਤਕ ਸੂਚੀ ਜਾਰੀ ਕਰ ਦੇਵੇਗੀ। ਸੂਚੀ ਜਾਰੀ ਹੋਣ ਤੋਂ ਪਹਿਲਾ ਕੁਝ ਵਿਅਕਤੀਆ ਵਲੋਂ ਪੋਸਟਰ ਤੇ ਬੈਨਰ ਲਾਉਣ ਦੇ ਮਾਮਲੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।