''ਆਪ'' ਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵਿਚਾਲੇ ਜ਼ੁਬਾਨੀ ਜੰਗ ਤੇਜ਼
Monday, Jul 30, 2018 - 08:48 AM (IST)

ਲੁਧਿਆਣਾ : ਵਿਧਾਇਕ ਸੁਖਪਾਲ ਸਿੰਘ ਖਹਿਰਾ ਹੱਥੋਂ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਤੋਂ ਬਾਅਦ 'ਆਪ' ਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। 'ਆਪ' ਵਰਕਰਾਂ ਵਲੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਹੈ, ਜਿਸ 'ਚ ਖਹਿਰਾ ਤੇ ਸਾਬਕਾ ਸਿਹਤ ਮੰਤਰੀ ਸਤਪਾਲ ਗੋਸਾਈਂ ਦਿਖਾਈ ਦੇ ਰਹੇ ਹਨ।
ਇਸ ਤਸਵੀਰ 'ਤੇ ਸਾਰਾ ਦਿਨ ਇਹ ਬਹਿਸ ਚੱਲਦੀ ਰਹੀ ਕਿ ਵਿਧਾਇਕ ਬੈਂਸ ਨੇ ਹੀ ਖਹਿਰਾ ਦੀ ਭਾਜਪਾ ਆਗੂ ਨਾਲ ਮੁਲਾਕਾਤ ਕਰਵਾਈ ਹੈ ਤੇ ਇਸ ਸਭ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 'ਆਪ' ਵਰਕਰਾਂ ਦਾ ਕਹਿਣਾ ਹੈ ਕਿ ਬੈਂਸ ਕਾਰਨ ਹੀ ਖਹਿਰਾ ਦੀ ਕੁਰਸੀ ਖੁੱਸੀ ਹੈ। ਇਸੇ ਕਾਰਨ 'ਆਪ' ਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ 'ਚ ਫੇਸਬੁੱਕ 'ਤੇ ਲਗਾਤਾਰ ਜ਼ੁਬਾਨੀ ਜੰਗ ਜਾਰੀ ਹੈ ਅਤੇ ਉਹ ਇਕ-ਦੂਜੇ ਨੂੰ ਮਾੜਾ-ਚੰਗਾ ਕਹਿ ਰਹੇ ਹਨ।
'ਆਪ' ਵਰਕਰਾਂ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਵੀ ਫੇਸਬੁੱਕ 'ਤੇ ਮੋਰਚਾ ਖੋਲ੍ਹ ਦਿੱਤਾ। ਐਤਵਾਰ ਨੂੰ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਕਈ ਪੋਸਟਾਂ ਪਾਈਆਂ, ਜਿਸ 'ਚ ਅਰਵਿੰਦ ਕੇਜਰੀਵਾਲ ਵਲੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗਣ ਦੇ ਮੁੱਦੇ ਨੂੰ ਪੰਜਾਬੀ ਨਾਲ ਧੋਖਾ ਕਰਾਰ ਦਿੱਤਾ। ਨਾਲ ਹੀ ਲਿਖਿਆ ਕਿ ਕੇਜਰੀਵਾਲ ਨੇ ਮਜੀਠੀਆਂ ਕੋਲੋਂ ਡਰ ਕੇ ਮੁਆਫੀ ਮੰਗੀ ਹੈ। ਫੇਸਬੁੱਕ 'ਤੇ ਇਨ੍ਹਾਂ ਪੋਸਟਾਂ ਦੀ ਛੁੱਟੀ ਵਾਲੇ ਦਿਨ ਕਾਫੀ ਚਰਚਾ ਰਹੀ। ਲੋਕ ਇਨ੍ਹਾਂ ਨੂੰ ਵਟਸਐਪ 'ਤੇ ਵੀ ਸ਼ੇਅਰ ਕਰਦੇ ਰਹੇ।