ਪੰਜਾਬ ਵਿਧਾਨ ਸਭਾ ਚੋਣਾਂ ਲਈ ''ਆਪ'' ਨੇ ਕੱਸੀ ਤਿਆਰੀ, ਪਿੰਡਾਂ ''ਚ ਸ਼ੁਰੂ ਕੀਤੀ ਨਿਵੇਕਲੀ ਪਹਿਲ (ਤਸਵੀਰਾਂ)
Saturday, Jul 10, 2021 - 02:02 PM (IST)
ਸਮਰਾਲਾ (ਗਰਗ) : ਪੰਜਾਬ ਵਿੱਚ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਸੂਬੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਸਿਖ਼ਰਾਂ 'ਤੇ ਹਨ। ਕਾਂਗਰਸ ਅਤੇ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਇਸ ਵਾਰ ਸਰਕਾਰ ਬਣਾਉਣ ਲਈ ਜੀਅ-ਜਾਨ ਨਾਲ ਮੈਦਾਨ ਵਿੱਚ ਡਟੀ ਹੋਈ ਹੈ। ਹਲਕਾ ਸਮਰਾਲਾ ਵਿੱਚ 'ਆਪ' ਪਾਰਟੀ ਨੇ ਇਕ ਨਿਵੇਕਲੀ ਪਹਿਲ ਕਦਮੀ ਕਰਦੇ ਹੋਏ ਘਰ-ਘਰ ਮੁਫ਼ਤ ਇਲਾਜ ਅਧੀਨ ਲੋੜਵੰਦਾਂ ਲਈ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਮੁਫ਼ਤ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਵੰਡੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬੇਹੱਦ ਗੰਭੀਰ ਹੋਇਆ 'ਬਿਜਲੀ ਸੰਕਟ', ਤਲਵੰਡੀ ਸਾਬੋ ਪਲਾਂਟ ਵੀ ਬੰਦ
ਪਾਰਟੀ ਦੇ ਡਾਕਟਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਡਾ. ਸੋਹਣ ਲਾਲ ਬਲੱਗਣ ਦੀ ਅਗਵਾਈ ਵਿੱਚ ਹੁਣ ਤੱਕ 10 ਦੇ ਕਰੀਬ ਵੱਖ-ਵੱਖ ਪਿੰਡਾਂ ਵਿੱਚ ਅਜਿਹੇ ਕੈਂਪ ਲਗਾਏ ਜਾ ਚੁੱਕੇ ਹਨ। ਇਨ੍ਹਾਂ ਕੈਂਪਾਂ ਵਿੱਚ ਸਿਹਤ ਜਾਂਚ ਲਈ ਵੱਡੀ ਗਿਣਤੀ ’ਚ ਆ ਰਹੇ ਲੋਕਾਂ ਦੀ ਭੀੜ ਨੂੰ ਵੇਖ ਕੇ ਪਾਰਟੀ ਲੀਡਰਸ਼ਿਪ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਆਪ ਆਗੂ ਡਾ. ਸੋਹਣ ਲਾਨ ਬਲੱਗਣ ਨੇ 'ਜਗਬਾਣੀ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿੰਡ ਟੱਪਰਿਆ, ਹਰਿਓ, ਊਰਨਾ, ਬਾਲਿਓ, ਭਰਥਲਾ ਅਤੇ ਮਾਣੇਵਾਲ ਸਮੇਤ ਕਈ ਹੋਰ ਪਿੰਡਾਂ ਵਿੱਚ ਇਹ ਕੈਂਪ ਲਗਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਜਗਰਾਓਂ 'ਚ 8 ਸਾਲਾ ਬੱਚੀ ਨਾਲ ਦਰਿੰਦਗੀ, ਗੇਮ ਖਿਡਾਉਣ ਬਹਾਨੇ ਨੌਜਵਾਨ ਨੇ ਕੀਤੀਆਂ ਹੱਦਾਂ ਪਾਰ
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸਿਹਤ ਤੇ ਸਿੱਖਿਆ ਪ੍ਰਣਾਲੀ ਦਾ ਭੱਠਾ ਬੈਠ ਚੁੱਕਾ ਹੈ ਅਤੇ ਪਿੰਡਾਂ ਦੇ ਲੋਕ ਮੁੱਢਲੀਆਂ ਬੁਨਿਆਦੀ ਸਹੂਲਤਾਂ ਲਈ ਵੀ ਤਰਸ ਰਹੇ ਹਨ। ਇਸ ਲਈ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਜਿੱਥੇ ਸਮਰਾਲਾ ਹਲਕੇ ਦੇ ਲੋਕਾਂ ਦੀ ਸਹੂਲਤ ਲਈ ਪਿੰਡ-ਪਿੰਡ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋੜਵੰਦਾਂ ਨੂੰ ਇਲਾਜ ਕੀਤਾ ਜਾਵੇਗਾ, ਉੱਥੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਦੀ ਪੜ੍ਹਾਈ ਲਈ ਵੀ ਪਾਰਟੀ ਵਰਕਰ ਯੋਗਦਾਨ ਦੇਣਗੇ।
ਡਾ. ਬਲੱਗਣ ਨੇ ਦੱਸਿਆ ਕਿ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਦਿੱਲੀ ਮਾਡਲ ਲਾਗੂ ਕਰਕੇ ਇੱਥੇ ਵੀ ਕ੍ਰਾਂਤੀਕਾਰੀ ਤਬਦੀਲੀ ਦੀ ਲਈ ਲੋਕ ਸੂਬੇ ਵਿੱਚ 'ਆਪ' ਦੀ ਸਰਕਾਰ ਬਣਾਉਣ ਲਈ ਲਾਮਵੰਦ ਹੋ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ