ਆਮ ਆਦਮੀ ਪਾਰਟੀ ਕਰੇਗੀ ਬਾਘਾ ਪੁਰਾਣਾ ’ਚ ਕਿਸਾਨਾਂ ਦੇ ਸਮਰਥਨ ’ਚ ਕਿਸਾਨ ਮਹਾਸਭਾ

02/23/2021 3:25:21 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਕਿਸਾਨਾਂ ਅਤੇ ਉਨ੍ਹਾਂ ਦੇ ਅੰਦੋਲਨ ਦੇ ਸਮਰਥਨ ਵਿਚ 21 ਮਾਰਚ ਨੂੰ ਪੰਜਾਬ ਵਿਚ ਕਿਸਾਨ ਮਹਾਸਭਾ ਆਯੋਜਿਤ ਕਰੇਗੀ। ਪੰਜਾਬ ਵਿਚ ਬਾਘਾ ਪੁਰਾਣਾ ਵਿਚ ਆਯੋਜਿਤ ਹੋਣ ਵਾਲੇ ਸੰਮੇਲਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸੰਬੋਧਨ ਕਰਨਗੇ। ‘ਆਪ‘ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇਹ ਐਲਾਨ ਕੀਤਾ। ਇਸ ਸਮੇਂ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ, ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ ਵੀ ਮੌਜੂਦ ਸਨ। ‘ਆਪ’ ਆਗੂਆਂ ਨੇ ਕਿਹਾ ਕਿ ਬਾਘਾ ਪੁਰਾਣਾ ਵਿਖੇ ਕਿਸਾਨ ਮਹਾਂ ਸੰਮੇਲਨ ਵਿਚ ਸੂਬੇ ਭਰ ਤੋਂ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਸਮੇਤ ਵੱਡੀ ਗਿਣਤੀ ਲੋਕ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮਹਾਂਸੰਮੇਲਨ ਦਾ ਮਕਸਦ ਹੋਵੇਗਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਸੁਨੇਹਾ ਦਿੱਤਾ ਜਾਵੇਗਾ ਕਿ ਉਹ ਹੰਕਾਰੀ ਨਾ ਬਣੇ ਕਿਸਾਨਾਂ ਲਈ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ। ਉਨ੍ਹਾਂ ਕਿਹਾ ਕਿ ਰੈਲੀ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਮੇਂ ਦੌਰਾਨ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ, ਰਿਵਾਇਤੀ ਪਾਰਟੀਆਂ ਦਾ ਪਰਦਾਫਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੱਤਾ ‘ਚ ਰਹਿੰਦੇ ਹੋਏ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੇ ਕਿਸਾਨਾਂ ਦੀ ਬਰਬਾਦ ਕਰਨ ਲਈ ਕੰਮ ਕੀਤਾ ਹੈ, ਕਿਸਾਨਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ। ਹੁਣ ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ਤੋਂ ਹੀ ਉਮੀਦ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਸਮਰਥਨ ਵਿਚ ਡਟੀ ਹੋਈ ਹੈ। ਪਾਰਟੀ ਵਲੋਂ ਕਿਸਾਨਾਂ ਵੱਲੋਂ ਦਿੱਤੇ ਗਏ ਹਰ ਸੱਦੇ ਦਾ ਸਮਰਥਨ ਕਰਦੇ ਹੋਏ ਕਿਸਾਨ ਸੰਘਰਸ਼ ਦੀ ਪੂਰੀ ਹਿਮਾਇਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਪ੍ਰਮੁੱਖ ਨਿੱਜੀ ਸਕੂਲਾਂ ’ਚ ਕੋਰੋਨਾ ਨੇ ਦਿੱਤੀ ਦਸਤਕ, 1 ਟੀਚਰ ਸਮੇਤ 2 ਵਿਦਿਆਰਥੀ ਪਾਜ਼ੇਟਿਵ

 

‘ਆਪ‘ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਪੱਖ ਵਿੱਚ ਲੋਹੜੀ ਮਨਾਈ ਅਤੇ ਕੇਂਦਰੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ ਵਿਧਾਨ ਸਭਾ ਦਾ ਇਕ ਵਿਸ਼ੇਸ ਸੈਸ਼ਨ ਬੁਲਾਇਆ ਸੀ ਅਤੇ ਕੇਂਦਰੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜ ਕੇ ਮੋਦੀ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਇਸ ਤੋਂ ਇਲਾਵਾ, ਜਦੋਂ ਕਿਸਾਨ ਦਿੱਲੀ ਦੀਆਂ ਸੀਮਾਵਾਂ ’ਤੇ ਪਹੁੰਚੇ ਅਤੇ ਕੜਾਕੇ ਦੀ ਠੰਢ ਵਿਚ ਅੰਦੋਲਨ ਕਰਦੇ ਕਿਸਾਨਾਂ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਦਿਨ ਰਾਤ ਸੇਵਾਦਾਰ ਵਜੋਂ ਸੇਵਾ ਕਰਦਿਆਂ ਹਰ ਸੰਭਵ ਮਦਦ ਕੀਤੀ ਗਈ। ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ’ਤੇ ਪੀਣ ਵਾਲੇ ਪਾਣੀ, ਪਖਾਨੇ, ਗਰਮ ਪਾਣੀ, ਲੰਗਰ ਅਤੇ ਹੋਰ ਕਈ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ। ‘ਆਪ’ ਦੀ ਦਿੱਲੀ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਪ੍ਰਬੰਧਾਂ ਨੂੰ ਵੇਖਣ ਲਈ ਖੁਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਸਿੰਘ ਕੇਜਰੀਵਾਲ ਨੇ ਦੋ ਵਾਰ ਦੌਰਾ ਕੀਤਾ।

ਇਹ ਵੀ ਪੜ੍ਹੋ : ‘ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਹਿਮਾਚਲ, ਪੰਜਾਬ ਤੇ ਹਰਿਆਣਾ ’ਚ ਹੋਵੇਗੀ ਕਾਂਗਰਸ ਦੀ ਜਿੱਤ’    

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹੀ ਸਭ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਇਨ੍ਹਾਂ ਕਾਲੇ ਕਾਨੂੰਨਾ ਬਾਰੇ ਦੱਸਿਆ ਕਿ ਕਿਸਾਨਾਂ ਲਈ ਕਿੰਨੇ ਖਤਰਨਾਕ ਕਾਨੂੰਨ ਹਨ। ‘ਆਪ’ ਵਲੋਂ ਪੰਜਾਬ ਭਰ ਵਿਚ ਪੰਚਾਇਤਾਂ ਨੂੰ ਗ੍ਰਾਮ ਸਭਾ ਬੁਲਾ ਕੇ ਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਮਤੇ ਪਾਸ ਕਰਨ ਲਈ ਪ੍ਰੇਰਿਤ ਕੀਤਾ ਗਿਆ। ਜਦੋਂ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਧਰਨਾ ਦੇਣ ਲਈ ਦਿੱਲੀ ਪਹੁੰਚੇ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਸਾਨਾਂ ਦਾ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸੀ, ਅਕਾਲੀ ਦਲ ਅਤੇ ਭਾਜਪਾ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਪਹਿਲਾਂ ਦਾ ਇਨ੍ਹਾਂ ਸਭ ਨੇ ਮਿਲ ਕੇ ਕਾਲੇ ਕਾਨੂੰਨ ਪਾਸ ਕੀਤੇ, ਹੁਣ ਜਦੋਂ ਕਿਸਾਨ ਇਨ੍ਹਾਂ ਕਾਨੂੰਨ ਨੂੰ ਰੱਦ ਕਰਾਉਣ ਲਈ ਅੰਦੋਲਨ ਕਰ ਰਹੇ ਹਨ ਤਾਂ ਮਗਰਮੱਛ ਵਾਲੇ ਹੰਝੂ ਵਹਾਕੇ ਹੁਣ ਆਪਣੇ ਆਪ ਨੂੰ ਕਿਸਾਨ ਪੱਖੀ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਸਾਰੀਆਂ ਪਾਰਟੀਆਂ ਕਿਸਾਨ ਅੰਦੋਲਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੋਦੀ ਸਰਕਾਰ ਅਤੇ ਕੈ. ਅਮਰਿੰਦਰ ਸਿੰਘ ’ਤੇ ਵਿਅੰਗ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ 26 ਜਨਵਰੀ ਨੂੰ ਰੈਲੀ ਨੂੰ ਹਿੰਸਕ ਪ੍ਰਦਰਸ਼ਨ ਵਿਚ ਬਦਲ ਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਕੈ. ਅਮਰਿੰਦਰ ਨੇ ਇਸ ਨੂੰ ਰੋਕਣ ਲਈ ਕੁਝ ਨਹੀਂ ਕੀਤਾ। 26 ਜਨਵਰੀ ਦੇ ਬਾਅਦ ਜਦੋਂ ਸੂਬੇ ਦੇ ਕਈ ਨੌਜਵਾਨ ਗੁੰਮ ਹੋ ਗਏ ਤਾਂ ਕੈ. ਅਮਰਿੰਦਰ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਜਾਂ ਉਨ੍ਹਾਂ ਦੀ ਸਥਿਤੀ ਜਾਣਨ ਲਈ ਕੋਈ ਯਤਨ ਨਹੀਂ ਕੀਤਾ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News