CM ਭਗਵੰਤ ਮਾਨ ਦੀ ਢੇਸੀ ਨਾਲ ਮੁਲਾਕਾਤ 'ਤੇ ਸਿਆਸੀ ਘਮਸਾਨ, AAP ਨੇ ਕੀਤਾ ਪਲਟਵਾਰ
Monday, Apr 18, 2022 - 12:57 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ 'ਤੇ ਸਿਆਸੀ ਘਮਸਾਨ ਸ਼ੁਰੂ ਹੋ ਗਿਆ ਹੈ। ਜਿੱਥੇ ਭਾਜਪਾ ਆਗੂ ਅਤੇ ਸਾਬਕਾ ਫ਼ੌਜ ਮੁਖੀ ਜਨਰਲ ਜੇ. ਜੇ. ਸਿੰਘ ਨੇ ਇਸ ਮੁਲਾਕਾਤ 'ਤੇ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਇਸ 'ਤੇ ਪਲਟਵਾਰ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਟਵੀਟ ਕਰਕੇ ਕਿਹਾ ਹੈ ਕਿ ਭਾਜਪਾ ਦਾ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਨਹਿਰ ਕੰਢੇ ਦਰੱਖਤ ਨਾਲ ਲਟਕਦੀ ਮਿਲੀ ਮੁੰਡੇ-ਕੁੜੀ ਦੀ ਲਾਸ਼, ਪੁਲਸ ਵੱਲੋਂ ਜਾਂਚ ਜਾਰੀ
ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ, ਸੋਮ ਪ੍ਰਕਾਸ਼ ਅਤੇ ਇਕ ਹੋਰ ਸਾਬਕਾ ਮੰਤਰੀ ਦੀਆਂ ਢੇਸੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਢੇਸੀ ਨਾਲ ਮਿਲਣ ਤਾਂ ਗਲਤ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਮਿਲਣ ਤਾਂ ਠੀਕ ਹੋ ਜਾਂਦਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ ਗਈ ਸੀ।
ਇਹ ਵੀ ਪੜ੍ਹੋ : ਰੋਪੜ 'ਚ ਵਾਪਰਿਆ ਵੱਡਾ ਹਾਦਸਾ, ਰੇਲ ਗੱਡੀ ਦੇ 16 ਡੱਬੇ ਲੀਹੋਂ ਲੱਥੇ (ਵੀਡੀਓ)
ਇਸ ਮੁਲਾਕਾਤ 'ਤੇ ਭਾਜਪਾ ਆਗੂ ਜਨਰਲ ਜੇ. ਜੇ. ਸਿੰਘ ਨੇ ਕਿਹਾ ਸੀ ਕਿ ਢੇਸੀ ਦਾ ਸਟੈਂਡ ਹਮੇਸ਼ਾ ਐਂਟੀ ਇੰਡੀਆ ਰਿਹਾ ਹੈ। ਅਜਿਹੇ 'ਚ ਭਗਵੰਤ ਮਾਨ ਨੇ ਉਨ੍ਹਾਂ ਨਾਲ ਮੁਲਾਕਾਤ ਕਿਉਂ ਕੀਤੀ ਅਤੇ ਇਸ ਮੁਲਾਕਾਤ ਦਾ ਬਿਓਰਾ ਜਨਤਕ ਹੋਣਾ ਚਾਹੀਦਾ ਹੈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਭਾਜਪਾ ਆਗੂਆਂ ਦੀਆਂ ਢੇਸੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ