''ਆਪ'' ਤੋਂ ਟੁੱਟੇ ਤਿੰਨ ਵਿਧਾਇਕਾਂ ਦੇ ਅਸਤੀਫੇ ''ਤੇ ਕੱਲ੍ਹ ਆਵੇਗਾ ਫੈਸਲਾ!

05/20/2019 6:18:23 PM

ਚੰਡੀਗੜ੍ਹ : ਆਮ ਆਦਮੀ ਪਾਰਟੀ 'ਚੋਂ ਉਲਾਂਭੇ ਹੋਏ ਵਿਧਾਇਕ ਐੱਚ. ਐੱਸ. ਫੂਲਕਾ, ਸੁਖਪਾਲ ਖਹਿਰਾ, ਨਾਜ਼ਰ ਸਿੰਘ ਮਾਨਸ਼ਾਹੀਆ ਦੇ ਅਸਤੀਫੇ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਕੱਲ੍ਹ ਆਪਣਾ ਫੈਸਲਾ ਸੁਣਾ ਸਕਦੇ ਹਨ। ਇਸ ਤੋਂ ਇਲਾਵਾ ਮੰਗਲਵਾਰ ਨੂੰ ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇ ਕੇ ਵੱਖਰੀ ਪਾਰਟੀ ਬਣਾ ਚੁੱਕੇ ਸੁਖਪਾਲ ਸਿੰਘ ਖਹਿਰਾ ਅਤੇ ਕਾਂਗਰਸ 'ਚ ਸ਼ਾਮਲ ਹੋਏ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਸਪੀਕਰ ਸਾਹਮਣੇ ਪੇਸ਼ ਹੋਣਗੇ। 
ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਹਲਕਾ ਭੁਲੱਥ ਤੋਂ ਚੋਣ ਲੜੇ ਸਨ ਅਤੇ ਜਿੱਤੇ ਸਨ। ਫਿਲਹਾਲ ਸੁਖਪਾਲ ਖਹਿਰਾ ਨੇ 'ਆਪ' ਅਤੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਅਜੇ ਤਕ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ। ਦੂਜੇ ਪਾਸੇ 'ਆਪ' ਦੀ ਟਿਕਟ 'ਤੇ ਚੋਣ ਜਿੱਤੇ ਹਲਕਾ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਕਾਂਗਰਸ 'ਚ ਸ਼ਾਮਲ ਹੋ ਕੇ ਵਿਧਾਇਕੀ ਤੋਂ ਅਸਤੀਫਾ ਦੇ ਚੁੱਕੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਸਪੀਕਰ ਵਲੋਂ ਇਨ੍ਹਾਂ ਅਸਤੀਫਿਆਂ 'ਤੇ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ। ਜੇਕਰ ਤਿੰਨਾ ਵਿਧਾਇਕਾਂ ਦੇ ਅਸਤੀਫੇ ਪ੍ਰਵਾਨ ਹੋ ਜਾਂਦੇ ਹਨ ਤਾਂ ਪੰਜਾਬ ਵਿਚ ਚੋਣ ਅਖਾੜਾ ਇਕ ਵਾਰ ਫਿਰ ਭਖ ਜਾਵੇਗਾ ਅਤੇ ਇਨ੍ਹਾਂ ਤਿੰਨਾਂ ਵਿਧਾਨ ਸਭਾ ਹਲਕਿਆਂ 'ਤੇ ਜ਼ਿਮਨੀ ਚੋਣ ਹੋਵੇਗੀ।


Gurminder Singh

Content Editor

Related News