ਪੰਜਾਬ ਵਿਚ ਗੈਂਗਸਟਰ ਅਕਾਲੀ ਦਲ ਤੇ ਕਾਂਗਰਸ ਦੀ ਦੇਣ : ਦੇਵ ਮਾਨ

Thursday, Jun 16, 2022 - 02:46 PM (IST)

ਪੰਜਾਬ ਵਿਚ ਗੈਂਗਸਟਰ ਅਕਾਲੀ ਦਲ ਤੇ ਕਾਂਗਰਸ ਦੀ ਦੇਣ : ਦੇਵ ਮਾਨ

ਜਲੰਧਰ- ਵਿਧਾਨ ਸਭਾ 'ਚ ਪਹਿਲੇ ਦਿਨ ਸਾਈਕਲ 'ਤੇ ਜਾਣ ਵਾਲੇ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਲ 'ਜਗ ਬਾਣੀ' ਵਲੋਂ ਖਾਸ ਮੁਲਾਕਾਤ ਕੀਤੀ ਗਈ। ਇਸ ਦੌਰਾਨ ਵਿਧਾਇਕ ਦੇਵ ਮਾਨ ਨੇ ਪੰਜਾਬ ਦੀ ਸਿਆਸਤ ਨਾਲ ਜੁੜੇ ਮੁੱਦਿਆਂ ਸਣੇ ਸੂਬੇ ਅੰਦਰ ਪੈਰ ਪਸਾਰੀ ਬੈਠੇ ਟਰਾਂਸਪੋਰਟ ਮਾਫ਼ੀਆ, ਗੈਂਗਸਟਰ ਤੇ ਹੋਰ ਕਈ ਮੁੱਦਿਆਂ 'ਤੇ ਖੁੱਲ ਕੇ ਗੱਲਬਾਤ ਕੀਤੀ। ਇਸ ਦੌਰਾਨ ਦੇਵ ਮਾਨ ਨੇ ਕਾਂਗਰਸ ਪਾਰਟੀ ਦੇ ਦਿੱਗਜ ਆਗੂਆਂ ਸਣੇ ਅਕਾਲੀ ਦਲ ਦੇ ਕਈ ਵੱਡੇ ਲੀਡਰਾਂ 'ਤੇ ਗੰਭੀਰ ਦੋਸ਼ ਵੀ ਲਗਾਏ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਇਕ ਪਰਮਿਟ ‘ਤੇ ਚੱਲਦੀਆਂ ਨੇ 2 ਤੋਂ 4 ਬੱਸਾਂ
ਟਰਾਂਸਪੋਰਟ ਮਾਫ਼ੀਆ ਬਾਰੇ ਗੱਲ ਕਰਦਿਆਂ ਦੇਵ ਮਾਨ ਨੇ ਦੱਸਿਆ ਕਿ ਪੰਜਾਬ ਵਿੱਚ ਟਰਾਂਸਪੋਰਟ ਮਾਫ਼ੀਆ ਨੇ ਕਾਫ਼ੀ ਪੈਰ ਪਸਾਰੇ ਹੋਏ ਹਨ। ਸੜਕਾਂ ‘ਤੇ ਸਰਕਾਰੀ ਬੱਸਾਂ ਤਾਂ ਬਿਲਕੁਲ ਵੀ ਨਜ਼ਰ ਨਹੀਂ ਆ ਰਹੀਆਂ। ਜ਼ਿਆਦਾਤਰ ਬੱਸਾਂ ਤਾਂ ਮਿਲੀਭੁਗਤ ਨਾਲ ਬੰਦ ਕਰ ਦਿੱਤੀਆਂ ਗਈਆਂ। ਪੀ. ਆਰ. ਟੀ. ਸੀ.  ਦੀ ਹਾਲਤ ਬਹੁਤ ਵਧੀਆ ਨਹੀਂ ਹੈ ਪਰ ਹੁਣ ਆਪ ਸਰਕਾਰ ਅਗਲੇ 6 ਮਹੀਨੀਆਂ ‘ਚ ਸਰਕਾਰੀ ਬੱਸਾਂ ਦੀ ਨੁਹਾਰ ਬਦਲ ਦੇਵੇਗੀ। ਨਵੀਆਂ ਬੱਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਨਵੇਂ ਰੂਟ ਵੀ ਸ਼ੁਰੂ ਕੀਤੇ ਜਾਣਗੇ। ਜਿੱਥੋਂ ਤਕ ਗੱਲ ਮਾਫ਼ੀਆ ਦੀ ਹੈ ਤਾਂ ਦੱਸ ਦਵਾਂ ਕਿ ਇਕ-ਇਕ ਪਰਮਿਟ ‘ਤੇ 2-2 ਚਾਰ-ਚਾਰ ਬੱਸਾਂ ਚੱਲ ਰਹੀਆਂ ਹਨ। ਜਲਦ ਪੰਜਾਬ ਤੋਂ ਟਰਾਂਸਪੋਰਟ ਮਾਫ਼ੀਆ ਖ਼ਤਮ ਹੋ ਜਾਵੇਗਾ।

ਇਹ ਵੀ ਪੜ੍ਹੋ: ਕੈਪਟਨ ਸਣੇ ਸਾਬਕਾ ਫ਼ੌਜੀਆਂ ਨੇ ਪ੍ਰਗਟਾਈ ਨਵੀਂ ਭਰਤੀ ਯੋਜਨਾ ‘ਅਗਨੀਪਥ’ ’ਤੇ ਚਿੰਤਾ

ਸਕਾਲਰਸ਼ਿਪ ਘਪਲੇ ‘ਤੇ ਜਲਦ ਹੋਵੇਗੀ ਕਾਰਵਾਈ
ਦੇਵ ਮਾਨ ਨੇ ਸਕਾਲਰਸ਼ਿਪ ਘਪਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਜੰਗਲਾਤ ਵਿਭਾਗ ‘ਚ ਵੱਡੇ ਪੱਧਰ ਉੱਤੇ ਘਪਲਾ ਕੀਤਾ ਗਿਆ। ਇਕ ਦਰੱਖ਼ਤ ਨੂੰ ਕੱਟਣ ਬਦਲੇ 500 ਰੁਪਏ ਲਏ ਗਏ। ਦੇਵ ਮਾਨ ਨੇ ਦੋਸ਼ ਲਗਾਇਆ ਕਿ ਸਾਧੂ ਸਿੰਘ ਧਰਮਸੌਤ ਨੇ  64 ਕਰੋੜ ਰੁਪਏ ਦਾ ਸਕਾਲਰਸ਼ਿਪ ਘਪਲਾ ਕੀਤਾ ਹੈ, ਜਿਸ ਦੇ ਬਦਲੇ ਮੈਂ ਕਾਂਗਰਸ ਸਰਕਾਰ ਸਮੇਂ 12 ਦਿਨ ਧਰਮਸੌਤ ਦੀ ਰਿਹਾਇਸ਼ ਦੇ ਬਾਹਰ ਧਰਨੇ ‘ਤੇ ਵੀ ਬੈਠਾ ਰਿਹਾ ਹਾਂ, ਜਿਸ ਬਦਲੇ ਮੇਰੇ ‘ਤੇ 3 ਪਰਚੇ ਵੀ ਦਰਜ ਕੀਤੇ ਗਏ ਸਨ। ਇਸ 64 ਕਰੋੜ ਦੇ ਘਪਲੇ ‘ਤੇ ਜਲਦ ਹੀ ਮਾਨ ਸਰਕਾਰ ਐਕਸ਼ਨ ਲੈਣ ਜਾ ਰਹੀ ਹੈ। ਇਹ ਤਾਂ ਹਾਲੇ ਇਕ ਕੜੀ ਹੈ, ਦੂਜੀ ਕੜੀ ਜੰਗਲਾਤ ਵਿਭਾਗ, ਤੀਜੀ ਸਟੇਸ਼ਨਰੀ ਦੀ ਖਰੀਦੋ-ਫਰੋਖਤ ‘ਚ ਘਪਲਾ ਆਦਿ ਕਈ ਕੜੀਆਂ ਹਨ, ਜਿਨ੍ਹਾਂ ਦੀ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ। ਦੇਵ ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਘਪਲਿਆਂ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਯੂ.ਪੀ. , ਹਿਮਾਚਲ ਸਣੇ ਪੰਜਾਬ ਵਿੱਚ ਕਈ ਥਾਂਈ ਪ੍ਰਾਪਰਟੀ ਵੀ ਖ਼ਰੀਦੀ ਗਈ ਹੈ। ਸਭ ਦੀਆਂ ਪਰਤਾਂ ਹੌਲੀ-ਹੌਲੀ ਖੁੱਲਣਗੀਆਂ।

ਰਾਜਾ ਵੜਿੰਗ ਵੀ ਹਨ ਨਿਸ਼ਾਨੇ 'ਤੇ 
ਗੁਰਦੇਵ ਸਿੰਘ ਦੇਵ ਮਾਨ ਰਾਜਾ ਵੜਿੰਗ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਦੌੜ ਪੂਰੇ ਦੇਸ਼ 'ਚ ਬੱਸਾਂ ਦੀਆਂ ਬਾਡੀਜ਼ ਦਾ ਨਿਰਮਾਣ ਕਰਵਾਉਣ ਲਈ ਮਸ਼ਹੂਰ ਹੈ ਪਰ ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ ਰਹਿੰਦਿਆਂ ਬੱਸਾਂ ਸੂਬੇ ਤੋਂ ਬਾਹਰੋਂ ਤਿਆਰ ਕਰਵਾਈਆਂ ਤਾਂ ਜੋ ਕਮਿਸ਼ਨ ਵੱਧ ਮਿਲ ਸਕੇ। ਹੁਣ ਇਹ ਵੀ ਸਾਹਮਣੇ ਆਵੇਗਾ, ਜਾਂਚ ਹੋ ਰਹੀ ਹੈ। ਰਾਜਾ ਵੜਿੰਗ ਨਿਸ਼ਾਨੇ ‘ਤੇ ਹਨ। ਬਹੁਤ ਵੱਡਾ ਘਪਲਾ ਹੋਇਆ ਹੈ। ਜਿੰਨ੍ਹੇ ਵੀ ਧਰਨੇ ‘ਤੇ ਬਾਹਰ ਬੋਲਦੇ ਹਨ, ਜਿਨ੍ਹਾਂ 'ਚ ਪ੍ਰਤਾਪ ਬਾਜਵਾ ਵੀ ਸ਼ਾਮਲ ਹਨ, ਸਾਰੇ ਹੀ ਰਾਡਾਰ ‘ਤੇ ਹਨ , ਇਨ੍ਹਾਂ ਨੇ ਘਪਲੇ ਕੀਤੇ ਹਨ। ਸਭ  ਦਾ ਆਡਿਟ ਕਰਵਾਂਵੇਗੇ। ਦੇਵ ਮਾਨ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਸਮੇਤ ਉਨ੍ਹਾਂ ਦੀ ਸਰਕਾਰ ਦੇ ਕਈ ਮੰਤਰੀ ਘਪਲਿਆਂ ‘ਚ ਸ਼ਾਮਲ ਹਨ। ਅਕਾਲੀ ਦਲ ਦੀ ਗੱਲ ਕਰਦੇ ਦੇਵ ਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਬਹੁਤੇ ਲੀਡਰਾਂ ਨੇ ਕਾਫ਼ੀ ਪ੍ਰਾਪਰਟੀਆਂ ਬਣਾਈਆਂ ਹਨ। ਅਕਾਲੀ ਦਲ ਦੇ ਜ਼ਿਆਦਾਤਰ ਆਗੂ ਤਾਂ ਵਿਦੇਸ਼ਾਂ ‘ਚ ਜਾਇਦਾਦਾਂ ਬਣਾਈ ਬੈਠੇ ਹਨ। ਇਨ੍ਹਾਂ ਸਭ ਨੇ ਮਿਲ ਕੇ ਪੰਜਾਬ ਨਾਲ ਧੋਖਾ ਕੀਤਾ। ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਬਜ਼ੁਰਗ ਬੀਬੀ ਦਾ ਕਤਲ ਕਰਕੇ ਬੈੱਡ ’ਚ ਲੁਕੋਈ ਲਾਸ਼

ਪੰਜਾਬ ਨੂੰ ਅਕਾਲੀ ਦਲ ਤੇ ਕਾਂਗਰਸ ਦੀ ਦੇਣ ਹਨ ਗੈਂਗਸਟਰ
ਸਿੱਧੂ ਮੂਸੇਵਾਲਾ ਦਾ ਕਤਲ ਕਾਂਡ ਦੀ ਗੱਲ ਕਰਦਿਆਂ ਦੇਵ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਵਾਦ ਰਿਵਾਇਤੀ ਪਾਰਟੀਆਂ ਦੀ ਦੇਣ ਹੈ। ਨਸ਼ਾ ਪੰਜਾਬ ਵਿੱਚ ਲੈ ਕੇ ਆਉਣ ਵਾਲੀਆਂ ਵੀ ਇਹੀ ਪਾਰਟੀਆਂ ਹਨ। ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਨੂੰ ਹਾਈਜੈੱਕ ਕਰ ਆਪਣੇ ਮਾਫ਼ੀਏ ਖੜ੍ਹੇ ਕਰ ਲਏ। ਦੋਵੇਂ ਪਾਰਟੀਆਂ ਨੇ ਆਪਸੀ ਸਮਝੌਤਿਆਂ ਨਾਲ ਪੰਜਾਬ ਨੂੰ ਧੋਖਾ ਦਿੱਤਾ ਅਤੇ ਪੰਜਾਬ ਨੂੰ ਨਸ਼ਿਆਂ ਅਤੇ ਗੈਂਗਸਟਰਾਂ ਦੀ ਅੱਗ ਵੱਲ ਧੱਕ ਦਿੱਤਾ। ਇਨ੍ਹਾਂ ਦੋਵੇਂ ਪਾਰਟੀਆਂ ਦਾ ਮਕਸਦ ਪੰਜਾਬ ਨੂੰ ਸੁਧਾਰਨ ਦਾ ਨਹੀਂ ਸਗੋਂ ਕੁਰਸੀ ‘ਤੇ ਕਾਬਜ਼ ਹੋਣ ਤੱਕ ਹੀ ਸੀਮਤ ਹੈ। ਸਿੱਧੂ ਮੂਸੇਵਾਲਾ ਦੇ ਕਤਲਾਂ ਨੂੰ ਜਲਦ ਕਾਬੂ ਕਰ ਅਸੀਂ ਜੇਲ੍ਹਾਂ ਵਿੱਚ ਬੰਦ ਕਰਾਂਗੇ। ਇਸ ਕਤਲ ਕਾਂਡ ਦੀ ਬੇਹੱਦ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਤਹਿਤ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਂਦਾ ਗਿਆ ਹੈ ਜਲਦ ਮਾਮਲਾ ਸੁਲਝਾ ਲਿਆ ਜਾਵੇਗਾ। ਮਾਨ ਸਰਕਾਰ ਅਜਿਹੀਆਂ ਘਟਨਾਵਾਂ 'ਤੇ ਸਖ਼ਤੀ ਨਾਲ ਕਾਬੂ ਪਾ ਰਹੀ ਹੈ। ਕਿਸੇ ਵੀ ਦੋਸ਼ੀ ਨੂੰ ਬੱਖਸ਼ੀਆ ਨਹੀਂ ਜਾਵੇਗਾ। ਇਸ ਦੌਰਾਨ ਦੇਵ ਮਾਨ ਨੇ ਮੌੜ ਬੰਬ ਬਲਾਸਟ ਦੀ ਗੱਲ ਕਰਦਿਆਂ ਕਿਹਾ ਕਿ ਮੋੜ ਬਲਾਸਟ ਦੀ ਕੋਈ ਜਾਂਚ ਨਹੀਂ ਹੋਈ। ਅਜਿਹੀਆਂ ਕਈ ਘਟਨਾਵਾਂ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਵਾਪਰੀਆਂ ਹਨ ਪਰ ਕਾਰਵਾਈ ਕੁਝ ਵੀ ਨਹੀਂ ਹੋਈ ਪਰ ਇਸ ਦੇ ਉਲਟ ਪੰਜਾਬ ਦੀ ਆਪ ਸਰਕਾਰ ਇਨ੍ਹਾਂ ਘਟਨਾਵਾਂ ਦੇ ਪ੍ਰਤੀ ਸਖ਼ਤ ਹੈ ਤੇ ਹਰ ਘਟਨਾ ਨੂੰ ਗੰਭੀਰਤਾ ਨਾਲ ਲੈ ਦੋਸ਼ੀਆਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਜੇਲ੍ਹਾਂ 'ਚ ਭੇਜ ਰਹੀ ਹੈ।

ਆਸ਼ੂ ਜੇਕਰ ਸੱਚੇ ਤਾਂ ਫਿਰ ਡਰਨ ਦੀ ਕੀ ਲੋੜ
ਭਰਤ ਭੂਸ਼ਣ ਆਸ਼ੂ ਦੇ ਹਾਈਕੋਰਟ ਜਾਣ ਬਾਰੇ ਦੇਵ ਮਾਨ ਨੇ ਕਿਹਾ ਕਿ ਜੇਕਰ ਆਸ਼ੂ ਸੱਚੇ ਹਨ ਤਾਂ ਉਨ੍ਹਾਂ ਨੂੰ ਡਰਨ ਦੀ ਕੀ ਲੋੜ ਹੈ। ਫੂਡ ਸਪਲਾਈ ਵਿਭਾਗ 'ਚ ਜੇਕਰ ਕਈ ਘਪਲਾ ਹੋਇਆ ਤਾਂ ਜਾਂਚ ਕਰਾਂਗੇ ਅਤੇ ਜਾਂਚ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਸ਼ਾਮਲ ਵੀ ਕਰਾਂਗੇ।

ਕਾਂਗਰਸੀਆਂ ਤੇ ਅਕਾਲੀਆਂ ਨੇ ਭਰੀਆਂ ਆਪਣੀਆਂ ਹੀ ਜੇਬਾਂ 
ਪੰਜਾਬ ਸਰਕਾਰ ਵਲੋਂ ਅੱਜ ਸੂਬੇ ਤੋਂ ਏਅਰਪੋਰਟ ਨੂੰ ਸ਼ੁਰੂ ਕੀਤੀਆਂ ਗਈਆਂ ਬੱਸਾਂ ਬਾਰੇ ਗੱਲ ਕਰਦਿਆਂ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਸਰਕਾਰ ਦਾ ਖਜਾਨਾ ਭਰਨ ਦੀ ਥਾਂ ਆਪਣੀਆਂ ਪਰਸਨਲ ਬੱਸਾਂ ਚਲਾ ਕੇ ਪੈਸੇ ਆਪਣੀਆਂ ਜੇਬਾਂ ‘ਚ ਹੀ ਪਾਏ ਨੇ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਤੱਤਪਰ ਹਨ। ਇਨ੍ਹਾਂ ਕੋਸ਼ਿਸ਼ਾਂ ਨੂੰ ਹੀ ਅੱਜ ਬੂਰ ਵੀ ਪਿਆ, ਅੱਜ ਜਲੰਧਰ ਤੋਂ ਸਾਡੇ ਮੁੱਖ ਮੰਤਰੀ ਮਾਨ ਤੇ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵਲੋਂ ਸਰਕਾਰੀ ਬੱਸਾਂ ਨੂੰ ਹਰੀ ਝੰਡੀ ਦੇ ਕੇ ਦਿੱਲੀ ਏਅਰਪੋਰਟ ਲਈ ਰਵਾਨਾ ਕੀਤਾ ਹੈ। ਹੁਣ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇਹ ਸਰਕਾਰੀ ਬੱਸਾਂ ਸਿੱਧੇ ਦਿੱਲੀ ਏਅਰਪੋਰਟ ਤੱਕ ਜਾਣਗੀਆਂ। ਜਿਸ ਦਾ ਸਿੱਧਾ ਫਾਇਦਾ ਪੰਜਾਬ ਦੀ ਜਨਤਾ ਦੇ ਨਾਲ-ਨਾਲ ਐੱਨ.ਆਰ.ਆਈਜ਼ ਨੂੰ ਹੋਵੇਗਾ। ਦੇਵ ਮਾਨ ਨੇ ਕਿਹਾ ਕਿ ਪਹਿਲਾਂ ਦਿੱਲੀ ਏਅਰਪੋਰਟ ਜਾਣ ਲਈ ਪ੍ਰਾਈਵੇਟ ਬੱਸਾਂ ਵਾਲਿਆਂ ਵਲੋਂ 3 ਹਜ਼ਾਰ ਰੁਪਏ ਤੱਕ ਦੀ ਵਸੂਲੀ ਕੀਤੀ ਜਾ ਰਹੀ ਸੀ। ਜਿਸ ਦਾ ਸਿੱਧਾ ਫਾਇਦਾ ਰਿਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਮਿਲ ਰਿਹਾ ਸੀ। ਹੁਣ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਸਿਰਫ 1100 ਰੁਪਏ ਅਦਾ ਕਰ ਦਿੱਲੀ ਏਅਰਪੋਰਟ ਤੱਕ ਦਾ ਸਫਰ ਕਰ ਪਾਉਣਗੇ।

ਇਹ ਵੀ ਪੜ੍ਹੋ:  ਜਲੰਧਰ 'ਚ ਹਾਈ ਅਲਰਟ ਦੌਰਾਨ ਵੱਡੀ ਵਾਰਦਾਤ, ਪ੍ਰਕਾਸ਼ ਆਈਸਕ੍ਰੀਮ ਦੇ ਬਾਹਰ ਲੱਖਾਂ ਦੀ ਲੁੱਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News