ਖਾਲਿਸਤਾਨ ਦੀ ਮੰਗ 'ਤੇ ਭੜਕੀ 'ਆਪ', ਕਿਹਾ-ਅਕਾਲੀ-ਭਾਜਪਾ ਦਾ ਦੋਗਲਾ ਚਿਹਰਾ ਆਇਆ ਸਾਹਮਣੇ (ਵੀਡੀਓ)

06/06/2020 3:07:28 PM

ਜਲੰਧਰ— 'ਆਪ' ਦੇ ਵਿਧਾਇਕ ਅਮਨ ਅਰੋੜਾ ਨੇ ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਖਾਲਿਸਤਾਨ ਦੀ ਮੰਗ 'ਤੇ ਦਿੱਤੇ ਗਏ ਬਿਆਨ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਅਕਾਲੀ ਦਲ ਵੱਲੋਂ ਦਿੱਤਾ ਗਿਆ ਬਿਆਨ ਦੇਸ਼ ਨੂੰ ਤੋੜਨ ਵਾਲਾ ਬਿਆਨ ਹੈ।

ਨੀਲਾ ਸਾਕਾ ਤਾਰਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਏ ਨੂੰ 36 ਸਾਲ ਹੋ ਗਏ ਹਨ ਅਤੇ ਅੱਜ ਵੀ ਹਰ ਇਕ ਵਿਅਕਤੀ ਦੇ ਹਿਰਦੇ 'ਚ ਇਸ ਦੇ ਜ਼ਖ਼ਮ ਅੱਲ੍ਹੇ ਹਨ। ਅਮਨ ਅਰੋੜਾ ਨੇ ਕਿਹਾ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਦਲ ਦੇ ਸੀਨੀਅਰ ਲੀਡਰਾਂ ਵੱਲੋਂ ਖਾਲਿਸਤਾਨ ਦੀ ਮੰਗ ਕਰਨਾ, ਮੈਂ ਸਮਝਦਾ ਹਾਂ ਕਿ ਇਸ ਨਾਲ ਅਕਾਲੀ ਦਲ ਦਾ ਦੋਗਲਾ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਭਾਜਪਾ ਦੇ ਲੀਡਰ ਖਾਲਿਸਤਾਨ ਦੀ ਮੰਗ ਨੂੰ ਨਕਾਰ ਰਹੇ ਹਨ, ਉਥੇ ਹੀ ਅਕਾਲੀ ਦਲ ਵਧ ਚੜ੍ਹ ਕੇ ਇਸ ਦੀ ਮੰਗ ਕਰ ਰਿਹਾ ਹੈ।

PunjabKesari

ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਕਿਸ ਤਰ੍ਹਾਂ ਅਕਾਲੀ ਦਲ ਅਤੇ ਭਾਜਪਾ ਲੰਮੇ ਸਮੇਂ ਤੋਂ ਲੋਕਾਂ ਦੀਆਂ ਵੋਟਾਂ ਬਟੋਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਅੱਜ ਜਿਹੜੀ ਬਿੱਲੀ ਹੈ, ਉਹ ਗਠਜੋੜ 'ਚੋਂ ਹੁਣ ਬਾਹਰ ਆ ਚੁੱਕੀ ਹੈ, ਇਨ੍ਹਾਂ ਦਾ ਅਸਲੀ ਚਿਹਰਾ ਨੰਗਾ ਹੋ ਚੁੱਕਾ ਹੈ। ਮੈਂ ਸਮਝਦਾ ਹਾਂ ਕਿ ਭਾਈ ਗੋਬਿੰਦ ਲੌਂਗੋਵਾਲ ਅਤੇ ਜਥੇਦਾਰ ਵੱਲੋਂ ਖਾਲਿਸਤਾਨ ਦੀ ਮੰਗ ਕਰਨ ਦਾ ਬਿਆਨ ਗੈਰ ਜ਼ਿੰਮੇਵਾਰ ਵਾਲਾ ਬਿਆਨ ਹੈ। ਕੋਈ ਵੀ ਪੰਜਾਬੀ ਇਸ ਬਿਆਨ ਦਾ ਸਮਰਥਨ ਨਹੀਂ ਕਰਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਖਾਲਿਸਤਾਨ ਦੀ ਮੰਗ ਕਰਨ ਦੀ ਲੋੜ ਨਹੀਂ ਸਗੋਂ ਪੰਜਾਬ ਨੂੰ 'ਖਾਲਸ ਸਥਾਨ' ਯਾਨੀ ਪੰਜਾਬ ਨੂੰ ਸ਼ੁੱਧ ਸਥਾਨ ਬਣਾਉਣ ਦੀ ਲੋੜ ਹੈ। ਪੰਜਾਬ ਨੂੰ ਮੁੜ ਪੰਜ ਆਬਾਂ ਦੀ ਧਰਤੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਪੰਜਾਬ ਨੂੰ ਅਜਿਹਾ 'ਖਾਲਸ ਸਥਾਨ' ਯਾਨੀ ਸ਼ੁੱਧ ਸਥਾਨ ਬਣਾਉਣ ਦੀ ਲੋੜ ਹੈ, ਜਿੱਥੇ ਕੋਈ ਵੀ ਨੌਜਵਾਨ ਨੂੰ ਨਸ਼ੇ ਦੀ ਆਦਤ ਨਾ ਹੋਵੇ, ਕਰਜ਼ਾ ਮੁਕਤ ਪੰਜਾਬ ਹੋਵੇ, ਪਾਣੀ-ਮਿੱਟੀ ਅਤੇ ਹਵਾ ਪੂਰੀ ਤਰ੍ਹਾਂ ਸ਼ੁੱਧ ਹੋਵੇ। ਪੰਜਾਬ 'ਚ ਹਰ ਪਾਸੇ ਏਕਤਾ, ਖੁਸ਼ਹਾਲੀ ਹੋਵੇ।


shivani attri

Content Editor

Related News