ਅਹਿਮ ਖ਼ਬਰ : ਪੰਜਾਬ ''ਚ ਸਿਰ ''ਤੇ ਟੋਪੀ ਲੈ ਕੇ ਆਈ ''ਆਮ ਆਦਮੀ ਪਾਰਟੀ'' ਦੀ ਵੱਖਰੀ ਸ਼ਾਨ ਬਣੀ ''ਕੇਸਰੀ ਪੱਗ''
Tuesday, Mar 22, 2022 - 09:03 AM (IST)
ਦੋਰਾਹਾ/ਰਾੜਾ ਸਾਹਿਬ (ਸੁਖਵੀਰ ਸਿੰਘ) : ਭਾਵੇਂ ਕਿ ਦਿੱਲੀ ਦੀ ਸੱਤਾ ਹਾਸਲ ਕਰਨ ਤੋਂ ਬਾਅਦ ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਜਦੋਂ ਆਪਣੇ ਪੈਰ ਪਸਾਰੇ ਸਨ, ਉਸ ਸਮੇਂ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਪਾਰਟੀ ਦੇ ਉੱਚ ਨੇਤਾ ਤੋਂ ਲੈ ਕੇ ਵਰਕਰ ਤੱਕ ਸਿਰ ’ਤੇ ਟੋਪੀ ਲੈ ਕੇ ਆਪਣੀ ਵੱਖਰੀ ਪਛਾਣ ਬਣਾਉਣ ਲਈ ਲੋਕਾਂ ’ਚ ਜਾ ਰਹੇ ਸਨ। ਪੰਜਾਬ ਅੰਦਰ ਜੇਕਰ ਗੱਲ ‘ਪੱਗ’ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਲੋਕ ਸਿਰ ’ਤੇ ਪੱਗ ਬੰਨ੍ਹਣ ਨੂੰ ਲੈ ਕੇ ਫ਼ਖਰ ਮਹਿਸੂਸ ਕਰਦੇ ਹਨ ਅਤੇ ਉੱਥੇ ਹੀ ਵੱਖਰੇ-ਵੱਖਰੇ ਰੰਗਾਂ ਦੀਆਂ ਪੱਗਾਂ ਦੀ ਮਹੱਤਤਾ ਅਹਿਮ ਮੰਨੀ ਜਾਂਦੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਉੱਚ ਨੇਤਾ ਤੋਂ ਲੈ ਕੇ ਵਰਕਰ ਤੱਕ ਜਿਵੇਂ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਿੱਟੀ ‘ਪੱਗ’ ਨੂੰ ਤਰਜ਼ੀਹ ਦਿੰਦੇ ਸਨ।
ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸਵ. ਜੱਥੇਦਾਰ ਗੁਰਚਰਨ ਸਿੰਘ ਟੋਹੜਾ ਹਮੇਸ਼ਾ ਨੀਲੇ ਰੰਗ ਦੀ ਪੱਗ ਬੰਨ੍ਹਦੇ ਸਨ, ਜਿਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਪਛਾਣ ਨੀਲੀ ਪੱਗ ਸੀ। ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸਰਕਾਰੀ ਦਰਬਾਰੇ ਇਸ ਗੱਲ ਦੀ ਚਰਚਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ’ਚ ਆ ਜਾਂਦੀ ਹੈ ਤਾਂ ਟੋਪੀਆਂ ਵਾਲੇ ਦਫ਼ਤਰਾਂ ’ਚ ਘੁੰਮਿਆ ਕਰਨਗੇ ਪਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ 10 ਮਾਰਚ ਨੂੰ ਸੱਤਾ ’ਚ ਆਈ ਤਾਂ ਸਭ ਕੁੱਝ ਉਲਟ ਫੇਰ ਹੋ ਗਿਆ।
‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਖਟਕੜ ਕਲਾਂ ਵਿਖੇ ਰੱਖੇ ਸਹੁੰ ਚੁੱਕ ਸਮਾਰੋਹ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਦਿੱਤੀ ਸੀ ਕਿ ਸਮਾਰੋਹ ’ਚ ਪੁੱਜਣ ਵਾਲੇ ਹਰ ਨੇਤਾ ਤੋਂ ਲੈ ਕੇ ਹਰ ਆਮ ਵਰਕਰ ਤੱਕ ਦੇ ਸਿਰ ’ਤੇ ਕੇਸਰੀ ਪੱਗ ਅਤੇ ਔਰਤਾਂ ਦੇ ਸਿਰ ’ਤੇ ਕੇਸਰੀ ਚੁੰਨੀ ਜ਼ਰੂਰ ਹੋਵੇ। ਜਿਸ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਟੋਪੀ ਤੋਂ ਕੇਸਰੀ ਪੱਗ ’ਚ ਉਸ ਦਿਨ ਹੀ ਤਬਦੀਲ ਹੋ ਗਈ ਅਤੇ ਅੱਜ ਮੁੱਖ ਮੰਤਰੀ ਤੋਂ ਲੈ ਹਰ ਨੇਤਾ ਅਤੇ ਹਰ ਵਾਲੰਟੀਅਰ ਕੇਸਰੀ ਪੱਗ ਨੂੰ ਆਪਣੀ ਸ਼ਾਨ ਸਮਝਣ ਲੱਗ ਗਿਆ ਹੈ।
ਇਹ ਵੀ ਪੜ੍ਹੋ : ਸਮਰਾਲਾ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਧੌਣ ਵੱਢ ਕੇ ਕੀਤਾ ਜਨਾਨੀ ਦਾ ਕਤਲ
ਇਸ ਕਰ ਕੇ ਇਹ ਕੇਸਰੀ ਪੱਗ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਵੱਖਰੀ ਸ਼ਾਨ ਬਣ ਗਈ ਹੈ, ਜਿਸ ਨੂੰ ਲੈ ਕੇ ਅੱਜ ਹਰ ਪੰਜਾਬੀ ਆਪਣੇ ਸਿਰ ’ਤੇ ਕੇਸਰੀ ਰੰਗ ਦੀ ਪੱਗ ਬੰਨ੍ਹਣ ਨੂੰ ਲੈ ਕੇ ਮਾਣ ਮਹਿਸੂਸ ਕਰ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ