'ਆਪ' ਦੀ ਸਰਕਾਰ ਬਣਨ 'ਤੇ ਧਰਮਸੌਤ ਤੇ ਰਣੀਕੇ ਨੂੰ ਜੇਲ੍ਹ 'ਚ ਕਰਾਂਗੇ ਬੰਦ : ਹਰਪਾਲ ਚੀਮਾ

Wednesday, Nov 04, 2020 - 09:39 AM (IST)

'ਆਪ' ਦੀ ਸਰਕਾਰ ਬਣਨ 'ਤੇ ਧਰਮਸੌਤ ਤੇ ਰਣੀਕੇ ਨੂੰ ਜੇਲ੍ਹ 'ਚ ਕਰਾਂਗੇ ਬੰਦ : ਹਰਪਾਲ ਚੀਮਾ

ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਇਥੇ ਪਾਰਟੀ ਵਿਧਾਇਕਾਂ ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ, ਰਾਜਵਿੰਦਰ ਕੌਰ, ਆਤਮਪ੍ਰਕਾਸ਼ ਬਬਲੂ ਅਤੇ ਬਲਵੰਤ ਨਾਲ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 'ਚ ਕਰੋੜਾਂ ਰੁਪਏ ਦੇ ਘਪਲੇ 'ਚ ਕਥਿਤ ਤੌਰ 'ਤੇ ਸ਼ਾਮਲ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਮੁੱਖ ਮੰਤਰੀ ਦੇ ਦਰਬਾਰ ਦਾ ਕਮਾਊ ਮੋਹਰਾ ਕਰਾਰ ਦਿੰਦੇ ਇਸ ਘਪਲੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਦਾ ਸਿੱਧਾ ਹੱਥ ਹੋਣ ਦਾ ਗੰਭੀਰ ਦੋਸ਼ ਲਾਇਆ।

ਚੀਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਨਵੀਂ ਵਜ਼ੀਫਾ ਸਕੀਮ ਦੇ ਐਲਾਨ ਨਾਲ ਪੋਸਟ ਮੈਟ੍ਰਿਕ ਯੋਜਨਾ 'ਚ ਹੁਣ ਤੱਕ ਕੀਤੀ ਗਈ ਅਰਬਾਂ ਰੁਪਏ ਦੀ ਲੁੱਟ 'ਤੇ ਪਰਦਾ ਨਹੀਂ ਪਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਧਰਮਸੌਤ ਨੂੰ ਬਰਖ਼ਾਸਤ ਕਰਕੇ ਪੂਰੇ ਵਜ਼ੀਫਾ ਗਿਰੋਹ ਸਮੇਤ ਗ੍ਰਿਫ਼ਤਾਰ ਕੀਤਾ ਜਾਵੇ। ਜੇਕਰ ਕੈਪਟਨ ਅਜਿਹਾ ਕਰਨ ਤੋਂ ਭੱਜਦੇ ਰਹੇ ਤਾਂ 2022 'ਚ 'ਆਪ' ਦੀ ਸਰਕਾਰ ਬਣਦੇ ਹੀ ਧਰਮਸੌਤ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ 'ਆਕਾ' ਸਮੇਤ ਇਸ ਘਪਲੇ 'ਚ ਸ਼ਾਮਲ ਸਾਰੇ ਗਿਰੋਹ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਜਾਵੇਗਾ।

ਚੀਮਾ ਨੇ ਦੋਸ਼ ਲਾਇਆ ਪਿਛਲੀ ਬਾਦਲ ਸਰਕਾਰ ਦੇ ਰਾਹ 'ਤੇ ਚੱਲਦਿਆਂ ਮੌਜੂਦਾ ਅਮਰਿੰਦਰ ਸਿੰਘ ਸਰਕਾਰ ਨੇ ਦਲਿਤ ਪਰਿਵਾਰਾਂ ਨਾਲ ਸਬੰਧਤ ਲੱਖਾਂ ਹੋਣਹਾਰ ਬੱਚਿਆਂ ਦਾ ਭਵਿੱਖ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੀ ਨੀਅਤ ਸਾਫ ਹੁੰਦੀ ਤਾਂ ਪੈਂਡਿੰਗ ਪਈ ਕਰੀਬ 2 ਹਜ਼ਾਰ ਕਰੋੜ ਦੀ ਵਜ਼ੀਫਾ ਰਾਸ਼ੀ ਤੁਰੰਤ ਜਾਰੀ ਕਰਦੇ, ਜਿਸ ਨਾਲ ਕਾਲਜਾਂ ਵੱਲੋਂ ਵਿਦਿਆਰਥੀਆਂ ਦੀਆਂ ਰੋਕੀਆਂ ਡਿਗਰੀਆਂ ਉਨ੍ਹਾਂ ਨੂੰ ਮਿਲ ਜਾਂਦੀਆਂ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਨੇ ਜਿੰਨੇ ਵੀ ਦਲਿਤ ਬੱਚਿਆਂ ਦਾ ਪੈਸਾ ਵਜ਼ੀਫਾ ਯੋਜਨਾ 'ਚ ਹਜ਼ਮ ਕੀਤਾ ਹੈ, ਉਹ ਇਨ੍ਹਾਂ ਲੋੜਵੰਦ ਬੱਚਿਆਂ ਨੂੰ ਵਾਪਸ ਕੀਤਾ ਜਾਵੇ। ਜੇਕਰਕੈਪਟਨ ਸਰਕਾਰ ਅਜਿਹਾ ਨਹੀਂ ਕਰਦੀ ਤਾਂ 'ਆਪ' ਦੀ ਸਰਕਾਰ ਬਣਨ 'ਤੇ ਘਪਲੇਬਾਜ਼ਾਂ ਦੀਆਂ ਜਾਇਦਾਦਾਂ ਕੁਰਕ ਕਰ ਕੇ ਦਲਿਤ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਹੱਕ ਦਿੱਤਾ ਜਾਵੇਗਾ।

ਵਿਰੋਧੀ ਧਿਰ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਬਾਦਲਾਂ ਦੇ ਰਾਜ 'ਚ ਵਜ਼ੀਫਾ ਸਕੀਮ ਵਿਚ ਲਗਭਗ 1200 ਕਰੋੜ ਦਾ ਗੋਲਮਾਲ ਹੋਇਆ ਸੀ ਪਰ ਕੈਪਟਨ ਨੇ ਮਿਲੀਭੁਗਤ ਕਰਕੇ ਬਾਦਲਾਂ ਦੇ ਸਮੇਂ ਹੋਇਆ ਘਪਲਾ ਦਬਾਅ ਲਿਆ, ਜਿਸ ਨੂੰ 'ਆਪ' ਦੀ ਸਰਕਾਰ ਬਣਨ 'ਤੇ ਸਾਹਮਣੇ ਲਿਆਂਦਾ ਜਾਵੇਗਾ ਅਤੇ ਧਰਮਸੌਤ ਦੇ ਨਾਲ-ਨਾਲ ਰਣੀਕੇ ਅਤੇ ਉਸ ਦੇ 'ਆਕਾ' ਬਾਦਲਾਂ ਨੂੰ ਵੀ ਜੇਲ ਵਿਚ ਬੰਦ ਕੀਤਾ ਜਾਵੇਗਾ।


author

shivani attri

Content Editor

Related News