'ਆਪ' ਹੋਈ ਪੂਰੀ ਤਰ੍ਹਾਂ ਸਾਫ, ਜ਼ਮਾਨਤਾਂ ਵੀ ਨਹੀਂ ਬਚਾਅ ਸਕੇ ਉਮੀਦਵਾਰ

Thursday, Oct 24, 2019 - 02:42 PM (IST)

'ਆਪ' ਹੋਈ ਪੂਰੀ ਤਰ੍ਹਾਂ ਸਾਫ, ਜ਼ਮਾਨਤਾਂ ਵੀ ਨਹੀਂ ਬਚਾਅ ਸਕੇ ਉਮੀਦਵਾਰ

ਜਲੰਧਰ (ਵੈਬ ਡੈਸਕ)—ਪੰਜਾਬ 'ਚ ਅੰਦਰੂਨੀ ਫੁੱਟ ਦਾ ਸਾਹਮਣਾ ਕਰ ਰਹੀ ਆਮ ਆਦਮੀ ਪਾਰਟੀ ਨੂੰ ਇਕ ਵਾਰ ਫਿਰ ਪੰਜਾਬ ਦੀ ਚੋਣਾਂ 'ਚ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਾਰ ਪੰਜਾਬ ਦੀਆਂ ਚਾਰ ਸੀਟਾਂ 'ਤੇ ਹੋਈ ਜ਼ਿਮਨੀ ਚੋਣਾਂ ਭਗਵੰਤ ਮਾਨ ਐਂਡ ਪਾਰਟੀ ਦਾ ਸੂਪੜਾ ਸਾਫ ਹੋ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦਾਖਾ ਵਰਗੇ ਜਿਸ ਹਲਕੇ 'ਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਸੀ, ਢਾਈ ਸਾਲਾਂ ਬਾਅਦ ਪਾਰਟੀ ਉਸੇ ਸੀਟ 'ਤੇ ਸਨਮਾਨ ਜਨਕ ਵੋਟਾਂ ਵੀ ਹਾਸਲ ਨਾ ਕਰ ਸਕੀ। ਪੰਜਾਬ ਦੀਆਂ ਬਾਕੀ ਸੀਟਾਂ ਦੇ ਵਾਂਗ ਹੀ ਇਸ ਸੀਟ 'ਤੇ ਵੀ ਅਕਾਲੀ ਕਾਂਗਰਸ ਵਿਚਕਾਰ ਮੁਕਾਬਲੇ ਦੇ ਹੀ ਚਰਚੇ ਰਹੇ। ਖੁਦਮੁਖਤਿਆਰੀ ਦੀ ਜੰਗ ਤੋਂ ਬਾਅਦ ਖੇਰੂ-ਖੇਰੂ ਹੋਈ 'ਆਪ' ਇਨ੍ਹਾਂ ਚੋਣਾਂ 'ਚ ਹੋਈ ਹਾਰ ਨੂੰ ਲੈ ਕੇ ਅਜੇ ਤੱਕ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ। ਆਲਮ ਇਹ ਹੈ ਕਿ ਚਾਰਾ ਹਲਕਿਆਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ। ਇੱਥੇ ਹੀ ਬੱਸ ਨਹੀਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ 100 ਸੀਟਾਂ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਸਿਰਫ 20 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ ਸੀ। ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ 'ਚ ਵੀ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਬਹੁਤ ਹੀ ਮਾੜਾ ਰਿਹਾ ਅਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ ਸਿਰਫ ਇਕ ਸੀਟ 'ਤੇ ਹੀ ਪਾਰਟੀ ਜੇਤੂ ਰਹੀ।

2017 'ਚ ਸੱਤਾ ਦੀ ਮਜਬੂਤ ਦਾਅਵੇਦਾਰ ਮੰਨੀ ਜਾਣ ਵਾਲੀ ਆਮ ਆਦਮੀ ਪਾਰਟੀ ਨੇ ਆਪਸੀ ਕਾਟੋ-ਕਲੇਸ਼ ਦੇ ਚੱਲਦੇ ਆਪਣੀ ਹਵਾ ਨੂੰ ਬੇਰੰਗ ਕੀਤਾ। ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਇਹ ਪਾਰਟੀ ਸੰਭਲ ਹੀ ਨਾ ਸਕੀ, ਚਾਹੇ ਜ਼ਿਮਨੀ ਚੋਣਾਂ ਹੋਣ, ਨਿਗਮ ਚੋਣਾਂ ਜਾਂ ਫਿਰ ਪੰਚਾਇਤੀ ਚੋਣਾਂ। ਇੱਥੋਂ ਤੱਕ ਕਿ ਲੋਕ ਸਭਾ ਚੋਣਾਂ 'ਚ ਵੀ ਪਾਰਟੀ ਦਾ ਪ੍ਰਦਰਸ਼ਨ ਬਦ ਤੋਂ ਬਦਤਰ ਹੀ ਰਿਹਾ। ਸੰਗਰੂਰ 'ਚ ਭਗਵੰਤ ਮਾਨ ਹੀ ਲੋਕ ਸਭਾ ਚੋਣਾਂ 'ਚ ਜਿੱਤ ਦਾ ਖਾਤਾ ਖੋਲ੍ਹ ਸਕੇ। ਮੌਜੂਦਾ ਸਮੇਂ 'ਚ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਦੇਸ਼ ਦੇ ਇਕਲੌਤੇ ਸੰਸਦ ਮੈਂਬਰ ਹਨ।


author

Shyna

Content Editor

Related News