ਦਾਗ਼ੀਆਂ ਨੂੰ ਟਿਕਟਾਂ ਦੇ ਕੇ ਕਾਂਗਰਸ ਭ੍ਰਿਸ਼ਟਾਚਾਰ ਵਿਰੁੱਧ ਬੋਲਣ ਜੋਗੀ ਨਹੀਂ: ਭਗਵੰਤ
Thursday, Apr 04, 2019 - 11:27 AM (IST)
ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਵਲੋਂ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ ਤੇ ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਟਿਕਟ ਨਾਲ ਨਿਵਾਜੇ ਜਾਣ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦੀਆਂ ਗੱਲਾਂ ਕਰਨ ਵਾਲੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਹੁਣ ਭ੍ਰਿਸ਼ਟਾਚਾਰ ਵਿਰੁੱਧ ਬੋਲਣ ਜੋਗੇ ਨਹੀਂ ਰਹੇ। 'ਆਪ' ਮੁੱਖ ਦਫ਼ਤਰ ਰਾਹੀਂ ਜਾਰੀ ਬਿਆਨ ਅਨੁਸਾਰ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਭਾਜਪਾ ਵਾਂਗ ਕਾਂਗਰਸ ਦਾ ਭ੍ਰਿਸ਼ਟਾਚਾਰ ਨਾਲ ਨਹੁੰ-ਮਾਸ ਦਾ ਰਿਸ਼ਤਾ ਰਿਹਾ ਹੈ। ਪਵਨ ਬਾਂਸਲ ਅਤੇ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਨਾਲ ਨਿਵਾਜ ਕੇ ਰਾਹੁਲ ਗਾਂਧੀ ਨੇ ਵੀ ਕਾਂਗਰਸ ਦੀ ਭ੍ਰਿਸ਼ਟਾਚਾਰ ਵਿਰਾਸਤ ਨੂੰ ਅੱਗੇ ਵਧਾਇਆ ਹੈ।
ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦੀਆਂ ਗੱਲਾਂ ਕਰਨ ਵਾਲੇ ਰਾਹੁਲ ਗਾਂਧੀ ਅਤੇ ਕਾਂਗਰਸ ਲੀਡਰਸ਼ਿਪ ਨੇ ਕੰਮ ਕਰਾਉਣ ਬਦਲੇ ਸ਼ਰੇਆਮ ਪੈਸੇ ਮੰਗ ਰਹੇ ਜਲੰਧਰ ਤੋਂ ਮੌਜੂਦਾ ਮੈਂਬਰ ਸੰਤੋਖ ਸਿੰਘ ਅਤੇ ਡਾ. ਮਨਮੋਹਨ ਸਿੰਘ ਸਰਕਾਰ ਵਿਚ ਰੇਲ ਮੰਤਰੀ ਹੁੰਦਿਆਂ ਅਹੁਦੇ ਵੇਚਣ ਲਈ 90 ਲੱਖ ਰੁਪਏ ਦੇ 'ਰੇਲਗੇਟ' ਸਕੈਂਡਲ 'ਚ ਫਸੇ ਪਵਨ ਬਾਂਸਲ ਨੂੰ ਜਲੰਧਰ ਤੇ ਚੰਡੀਗੜ੍ਹ ਤੋਂ ਟਿਕਟਾਂ ਦੇ ਰਾਹੁਲ ਗਾਂਧੀ ਨੇ ਸਾਬਤ ਕਰ ਦਿੱਤਾ ਕਿ ਜੁਮਲੇਬਾਜ਼ੀ 'ਚ ਉਹ (ਰਾਹੁਲ) ਵੀ ਅਮਿਤ ਸ਼ਾਹ ਮੋਦੀ ਦੀ ਜੋੜੀ ਤੋਂ ਘੱਟ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਵਿਡੰਬਣਾ ਇਹ ਹੈ ਕਿ ਜਿਸ ਸਮੇਂ ਰਾਹੁਲ ਗਾਂਧੀ ਵਲੋਂ ਸੰਤੋਖ ਸਿੰਘ ਚੌਧਰੀ ਅਤੇ ਪਵਨ ਬਾਂਸਲ ਵਰਗੇ ਭ੍ਰਿਸ਼ਟਾਚਾਰੀ ਆਗੂਆਂ ਨੂੰ ਦਿੱਲੀ 'ਚ ਟਿਕਟਾਂ ਨਾਲ ਨਿਵਾਜਿਆ ਗਿਆ, ਠੀਕ ਉਸੇ ਦਿਨ ਟੈਕਸ ਚੋਰੀ ਅਤੇ ਵਿਦੇਸ਼ਾਂ ਵਿੱਚ ਕਈ ਚੱਲ-ਅਚੱਲ ਸੰਪਤੀਆਂ ਦੀ ਜਾਣਕਾਰੀ ਲੁਕਾਉਣ ਦੇ ਦੋਸ਼ਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 24 ਅਪ੍ਰੈਲ ਨੂੰ ਅਦਾਲਤ ਵਿਚ ਤਲਬ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ 'ਚ ਮੁੱਖ ਸੁਰਖੀਆ ਬਣੀਆਂ ਹੋਈਆਂ ਸਨ। ਇਸ ਤੋਂ ਇਹ ਸਾਬਤ ਹੋ ਗਿਆ ਕਿ ਕਾਂਗਰਸ ਲਈ ਭ੍ਰਿਸ਼ਟਾਚਾਰ ਕੋਈ ਮੁੱਦਾ ਨਹੀਂ ਹੈ ਅਤੇ ਨਾ ਹੀ ਕਾਂਗਰਸੀਆਂ ਨੂੰ ਭ੍ਰਿਸ਼ਟਾਚਾਰੀਆਂ ਤੋਂ ਕੋਈ ਐਲਰਜੀ ਹੈ।
