ਕੋਰੋਨਾ ਸੰਕਟ ’ਚ ਕੈਪਟਨ ਤੇ ਬਾਕੀ ਕਾਂਗਰਸੀ ਲੋਕਾਂ ਦੀ ਮਦਦ ਦੀ ਬਜਾਏ ਇਕ-ਦੂਜੇ ਦੀ ਬਾਂਹ ਮਰੋੜਨ ’ਚ ਮਸਰੂਫ਼ : ਮਾਨ
Friday, May 21, 2021 - 02:31 AM (IST)
ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਦੇ ਲੋਕ ਡਰ ਦੇ ਸਾਏ ਵਿਚ ਸਮਾਂ ਬਤੀਤ ਕਰ ਰਹੇ ਹਨ ਪਰ ਇਸ ਸੰਕਟ ਵਿਚ ਲੋਕਾਂ ਦੀ ਬਾਂਹ ਫੜ੍ਹਨ ਦੀ ਥਾਂ ਕਾਂਗਰਸੀ ਇਕ-ਦੂਜੇ ਦੀ ਬਾਂਹ ਮਰੋੜਨ ਵਿਚ ਮਸਰੂਫ਼ ਹਨ। ਇਹੀ ਕਾਰਣ ਹੈ ਕਿ ਸੂਬੇ ਵਿਚ ਸਿਹਤ ਸਹੂਲਤਾਂ ਦਾ ਢਾਂਚਾ ਖਤਮ ਹੋ ਚੁੱਕਿਆ ਹੈ ਤੇ ਲੋਕਾਂ ਨੂੰ ਕੁੱਝ ਨਿੱਜੀ ਹਸਪਤਾਲਾਂ ਵਿਚ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜਦੋਂ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਸਿਰ ਤੋੜ ਯਤਨ ਕੀਤੇ ਹਨ ਅਤੇ ਕੋਰੋਨਾ ਪੀੜਤ ਪਰਿਵਾਰਾਂ ਦੇ ਚੰਗੇ ਜੀਵਨ ਬਸਰ ਲਈ ਨਕਦ ਰਾਸ਼ੀ ਅਤੇ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ।
ਇਹ ਖ਼ਬਰ ਪੜ੍ਹੋ- ਲਿਵਰਪੂਲ ਦੀ ਪ੍ਰੀਮੀਅਰ ਲੀਗ ਦੇ ਟਾਪ-4 ’ਚ ਵਾਪਸੀ
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਰਹਿਣ ਵਾਲੇ ਕੋਰੋਨਾ ਮਹਾਮਾਰੀ ਕਾਰਨ ਬੇਸਹਾਰਾ ਹੋਣ ਵਾਲੇ ਬੱਚਿਆਂ ਨੂੰ 2500 ਰੁਪਏ 25 ਸਾਲ ਦੀ ਉਮਰ ਹੋਣ ਤੱਕ, ਜਦੋਂ ਕਿ ਪਰਿਵਾਰਕ ਮੈਂਬਰ ਦੀ ਕੋਰੋਨਾ ਨਾਲ ਮੌਤ ਹੋਣ ’ਤੇ 2500 ਰੁਪਏ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪਰਿਵਾਰ ਵਿਚੋਂ ਕਮਾਉਣ ਵਾਲੇ ਦੀ ਕੋਰੋਨਾ ਨਾਲ ਮੌਤ ਹੋ ਜਾਣ ’ਤੇ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਤੇ ਬਿਨਾਂ ਰਾਸ਼ਨ ਕਾਰਡ ਵਾਲੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਣ ਦੇਣ ਦਾ ਵੀ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਕਿਉਂਕਿ ਮੁਸੀਬਤ ਵਿਚ ਦੇ ਸਮੇਂ ਲੋਕਾਂ ਦੀ ਬਾਂਹ ਫੜ੍ਹਨੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਕੋਰੋਨਾ ਯੋਧਿਆਂ ਲਈ 50 ਲੱਖ ਦਾ ਬਜਟ ਐਲਾਨ ਕਰਕੇ ਮੁੱਕਰ ਗਈ ਹੈ।
ਇਹ ਖ਼ਬਰ ਪੜ੍ਹੋ- ਖੇਡ ਮੰਤਰਾਲਾ ਨੇ ਸਾਨੀਆ ਦੇ 2 ਸਾਲ ਦੇ ਬੇਟੇ ਨੂੰ UK ਦਾ ਵੀਜ਼ਾ ਦਿਵਾਉਣ ਲਈ ਬ੍ਰਿਟਿਸ਼ ਸਰਕਾਰ ਨਾਲ ਕੀਤਾ ਸੰਪਰਕ
ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸਰਬ ਪਾਰਟੀ ਮੀਟਿੰਗ ਅਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦੀ ਅਦਾਲਤ ਵਿਚ ਅਕਾਲੀ ਤੇ ਕਾਂਗਰਸੀ ਨਿਸ਼ਚਿਤ ਤੌਰ ’ਤੇ ਦੋਸ਼ੀ ਸਾਬਤ ਹੋਣਗੇ, ਕਿਉਂਕਿ ਬਾਦਲਾਂ ਦੀ ਤਰ੍ਹਾਂ ਹੀ ਕਾਂਗਰਸ ਸਰਕਾਰ ਨੇ ਪੰਜਾਬ ਵਿਚ ਮਾਫੀਆ ਰਾਜ ਕਾਇਮ ਕੀਤਾ ਹੈ। ਕੈਪਟਨ ਸਰਕਾਰ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ, ਇਸੇ ਲਈ ਹੁਣ ਕਾਂਗਰਸੀ ਮੰਤਰੀ ਅਤੇ ਆਗੂ ਪਿੰਡਾਂ ਵਿਚ ਜਾਣ ਤੋਂ ਡਰਨ ਲੱਗੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।