2019 ਲਈ ਪੈਮਾਨਾ ਨਹੀਂ ਮੰਨਿਆ ਜਾ ਸਕਦਾ ਗੁਰਦਾਸਪੁਰ ਜ਼ਿਮਨੀ ਚੋਣ : ਭਗਵੰਤ ਮਾਨ
Monday, Oct 16, 2017 - 11:39 AM (IST)
ਚੰਡੀਗੜ੍ਹ (ਬਿਊਰੋ) — ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗੁਰਦਾਸਪੁਰ ਉਪ ਚੋਣ ਦੇ ਨਤੀਜੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਲੋਕਤੰਤਰ 'ਚ ਲੋਕਾਂ ਦਾ ਦਰਜਾ ਵੱਡਾ ਹੁੰਦਾ ਹੈ ਤੇ ਲੋਕਾਂ ਵਲੋਂ ਦਿੱਤਾ ਫਤਵਾ ਮੰਨਦੇ ਹੋਏ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਖਾਮੀਆਂ ਨੂੰ ਦੂਰ ਕੀਤਾ ਜਾਵੇਗਾ।
'ਆਪ' ਵਲੋਂ ਜਾਰੀ ਪ੍ਰੈੱਸ ਬਿਆਨ 'ਚ ਭਗਵੰਤ ਮਾਨ ਨੇ ਕਾਂਗਰਸ ਦੇ ਜੇਤੂ ਉਮੀਦਵਾਰ ਸੁਨੀਲ ਜਾਖੜ ਨੂੰ ਵਧਾਈ ਦਿੰਦੇ ਹੋਏ ਉਮੀਦ ਜਤਾਈ ਕਿ ਉਹ ਬਤੌਰ ਸੰਸਦ ਤੇ ਪੰਜਾਬ ਕਾਂਗਰਸ ਪ੍ਰਧਾਨ ਸਾਰੇ ਵਾਅਦੇ ਜਲਦ ਪੂਰੇ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਗੁਰਦਾਸਪੁਰ ਉਪ ਚੋਣ ਨੂੰ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਲਈ ਪੈਮਾਨਾ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਸਿਆਸਤ 'ਚ ਸਮੀਕਰਨ ਬਦਲਦੇ ਰਹਿੰਦੇ ਹਨ। ਮਾਨ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਨੇ ਇਸ ਚੋਣ 'ਚ ਨਾ ਸਿਰਫ ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਕੀਤਾ ਹੈ ਸਗੋਂ ਸੱਤਾ ਦੇ ਜ਼ੋਰ 'ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ, ਵਰਕਰਾਂ ਤੇ ਆਗੂਆਂ ਨੂੰ ਡਰਾਇਆ-ਧਮਕਾਇਆ ਗਿਆ ਹੈ।
