25 ਸਾਲ ਰਾਜ ਕਰਨ ਵਾਲਿਆਂ ਨੂੰ 25 ਸੀਟਾਂ ਵੀ ਨਸੀਬ ਨਹੀਂ ਹੋਈਆਂ : ਭਗਵੰਤ ਮਾਨ

Tuesday, Aug 08, 2017 - 04:09 PM (IST)

ਬਾਬਾ ਬਕਾਲਾ ਸਾਹਿਬ (ਅਠੌਲ਼ਾ, ਰਕੇਸ਼, ਮਨਦੀਪ)-ਆਮ ਆਦਮੀ ਪਾਰਟੀ ਵਲੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ 'ਸਾਚਾ ਗੁਰੂ ਲਾਧੋ ਰੇ' ਦਿਵਸ ਮੌਕੇ ਵਿਸ਼ਾਲ ਕਾਨਫਰੰਸ ਕੀਤੀ ਗਈ ।
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਕੁਰਬਾਨੀ ਦੀ ਮਿਸਾਲ ਇਤਿਹਾਸ 'ਚ ਕਿਤੇ ਨਹੀਂ ਮਿਲਦੀ। ਉਨ੍ਹਾਂ ਹਿੰਦੂ ਧਰਮ ਦੀ ਖਾਤਰ ਸ਼ਹੀਦੀ ਦਿੱਤੀ। ਸ. ਖਹਿਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ ਕਿਉਂਕਿ ਸਾਰੇ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਅੱਜ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਗਿਆ ਹੈ ।
ਉਨ੍ਹਾਂ ਹਰਸਿਮਰਤ ਕੌਰ ਬਾਦਲ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ 'ਤੇ ਜੀ. ਐੱਸ. ਟੀ. ਹਟਾਉਣ ਦੀ ਦੁਹਾਈ ਮਚਾ ਰਹੀ ਹੈ ਜਦਕਿ ਖੁਦ ਐੱਮ. ਪੀ. ਹੋਣ ਨਾਤੇ ਅਰੁਣ ਜੇਤਲੀ ਨੂੰ ਕਿਉਂ ਨਹੀਂ ਮਨਾ ਲੈਂਦੀ । ਉਨ੍ਹਾਂ ਨੇ ਸੁਖਬੀਰ ਬਾਦਲ ਵਲੋਂ 'ਜਬਰ ਵਿਰੋਧੀ ਲਹਿਰ' ਚਲਾਉਣ 'ਤੇ ਚੋਟ ਕਰਦਿਆਂ ਕਿਹਾ ਕਿ ਉਹ ਕਿਸ ਮੂੰਹ ਨਾਲ ਦੁਹਾਈ ਮਚਾ ਰਿਹਾ ਹੈ ਜਦਕਿ ਉਸ ਦੀ ਆਪਣੀ ਸਰਕਾਰ ਨੇ 10 ਸਾਲਾਂ ਦੌਰਾਨ ਸਿਆਸੀ ਕਤਲ, ਝੂਠੇ ਪਰਚੇ, ਆਪਣੀਆਂ ਬੱਸਾਂ 'ਚੋਂ ਨੌਜਵਾਨ ਲੜਕੀਆਂ ਨਾਲ ਛੇੜਛਾੜ ਕਰ ਕੇ ਧੱਕੇ ਮਾਰ ਕੇ ਥੱਲੇ ਸੁੱਟਣਾ ਆਦਿ ਕੀ ਇਹ ਜਬਰ-ਜ਼ੁਲਮ ਨਹੀਂ ਸੀ । 
ਇਸ ਮੌਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਬਣੀ ਨੂੰ ਤਕਰੀਬਨ ਚਾਰ ਮਹੀਨੇ ਹੋ ਚੱਲੇ ਹਨ ਪਰ ਚੋਣਾਂ ਮੌਕੇ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ । ਇਨ੍ਹਾਂ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦੀ ਥਾਂ ਇਕ ਹੀ ਨੌਕਰੀ ਬੇਅੰਤ ਸਿੰਘ ਦੇ ਪੋਤੇ ਨੂੰ ਡੀ. ਐੱਸ. ਪੀ. ਬਣਾ ਕੇ ਦਿੱਤੀ, ਜਿਸ ਨੂੰ ਕਿ ਇਹ ਆਪਣੀ ਉਪਲਬਧੀ ਮੰਨਦੇ ਹਨ, ਬੇਰੁਜ਼ਗਾਰ ਨੌਜਵਾਨ ਨੌਕਰੀਆਂ ਅਤੇ ਸਮਾਰਟ ਫੋਨ ਉਡੀਕ ਰਹੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਦੇ ਗਠਨ ਤੋਂ ਬਾਅਦ ਅੱਜ ਸਰਕਾਰ ਦੀ ਪਹਿਲੀ ਰੈਲੀ 'ਚ ਮੁੱਖ ਮੰਤਰੀ ਨਹੀਂ ਪੁੱਜੇ, ਉਹ ਸਰਕਾਰ ਬਣਨ ਤੋਂ ਬਾਅਦ ਸਿਰਫ ਇਕ ਦਿਨ ਹੀ ਦਰਬਾਰ ਸਾਹਿਬ ਆਏ ਬਾਕੀ ਦਿਨ ਸ਼ਿਮਲਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਹੀ ਰਹੇ ਹਨ । ਇਹ ਸਰਕਾਰ ਬਿਨਾਂ ਇੰਜਨ ਤੋਂ ਹੀ ਚਲ ਰਹੀ ਹੈ । ਉਨ੍ਹਾਂ ਕਾਂਗਰਸ ਦਾ ਅਕਾਲੀ ਦਲ ਨਾਲ ਰਲੇ ਹੋਣ ਦਾ ਵੀ ਦੋਸ਼ ਲਾਇਆ । 
ਉਨ੍ਹਾਂ ਕਿਹਾ ਕਿ ਸਰਕਾਰ 25 ਸਾਲ ਰਾਜ ਕਰਨ ਵਾਲੇ 25 ਸੀਟਾਂ ਨਹੀਂ ਜਿੱਤ ਸਕੇ । ਉਨ੍ਹਾਂ ਕਿਹਾ ਸੁਖਬੀਰ ਬਾਦਲ ਦੀ 'ਜਬਰ ਵਿਰੋਧੀ ਲਹਿਰ' ਚਲਾਉਣ 'ਤੇ ਟਿੱਪਣੀ ਕਰਦੇ ਕਿਹਾ ਕਿ ਬਹਿਬਲ ਕਲਾਂ ਵਿਖੇ ਕੀਰਤਨ ਕਰਦੇ ਨਿਹੱਥੇ ਸਿੰਘਾਂ 'ਤੇ ਗੋਲੀਆਂ ਚਲਾਉਣੀਆਂ ਕੀ ਇਹ ਜਬਰ ਤੋਂ ਘੱਟ ਸੀ । ਉਨ੍ਹਾਂ ਨੇ ਵਾਲੰਟੀਅਰਾਂ ਨੂੰ ਇਕਜੁਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਕਿਹਾ।
ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਪਾਰਟੀ ਦੀ ਮਜ਼ਬੂਤੀ ਲਈ ਸੁਖਪਾਲ ਖਹਿਰਾ ਦੀ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਨੂੰ ਸਮੇਂ ਦੀ ਮੰਗ ਦੱਸਦਿਆਂ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕੀਤੀ । 


Related News