ਖਹਿਰਾ ਦੀ ਐਂਟਰੀ ਨਾਲ ਮੁਸ਼ਕਲ ਹੋਵੇਗੀ ਕੈਪਟਨ ਤੇ ਰਾਣਾ ਦੀ ਰਾਹ

07/22/2017 1:50:35 PM

ਜਲੰਧਰ (ਰਵਿੰਦਰ ਸ਼ਰਮਾ) — ਆਮ ਆਦਮੀ ਪਾਰਟੀ ਨੇ ਰਾਜ 'ਚ ਵਿਰੋਧੀ ਧਿਰ ਦੇ ਨੇਤਾ ਦੀ ਕਮਾਨ ਤੇਜ਼ਤਰਾਰ ਆਗੂ ਸੁਖਪਾਲ ਸਿੰਘ ਖਹਿਰਾ ਦੇ ਹੱਥ 'ਚ ਦੇ ਕੇ ਕਾਂਗਰਸ ਤੇ ਅਕਾਲੀ ਦਲ ਦੋਵਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖਹਿਰਾ ਦਾ ਵਿਧਾਨ ਸਭਾ 'ਚ ਸਰਗਰਮ ਰਹਿਣਾ ਜਿਥੇ ਕਾਂਗਰਸ ਲਈ ਭਾਰੀ ਸਾਬਤ ਹੋਵੇਗਾ, ਉਥੇ ਹੀ ਅਨੇਕਾ ਅਗਰੈਸਿਵ ਰਹਿਣ ਨਾਲ ਅਕਾਲੀ ਦਲ ਦੇ ਹੱਥੋਂ ਹਰ ਮੁੱਦਾ ਨਿਕਲਦਾ ਨਜ਼ਰ ਆਵੇਗਾ। ਖਹਿਰਾ ਦੇ ਖਾਸ ਨਿਸ਼ਾਨੇ 'ਤੇ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਰਹਿਣ ਵਾਲੇ ਹਨ। ਖਹਿਰਾ ਦਾ ਲੰਮੇ ਸਮੇਂ ਤੋਂ ਕੈਪਟਨ ਤੇ ਰਾਣਾ ਦੇ ਨਾਲ ਛੱਤੀ ਦਾ ਅੰਕੜਾ ਰਿਹਾ ਹੈ। 
ਕੈਪਟਨ ਅਮਰਿੰਦਰ ਸਿੰਘ ਦੀ ਕਾਰਜਪ੍ਰਣਾਲੀ 'ਤੇ ਸ਼ੁਰੂ ਤੋਂ ਹੀ ਖਹਿਰਾ ਸਵਾਲ ਚੁੱਕਦੇ ਰਹੇ ਹਨ। ਕਾਂਗਰਸ 'ਚ ਰਹਿੰਦੇ ਹੋਏ ਵੀ ਖਹਿਰਾ ਨੇ ਕੈਪਟਨ 'ਤੇ ਕਈ ਵਾਰ ਤਿੱਖੇ ਹਮਲੇ ਕੀਤੇ ਸਨ ਤੇ ਕਾਂਗਰਸ ਨੂੰ ਕਮਜ਼ੋਰ ਕਰਨ ਦੇ ਦੋਸ਼ ਵੀ ਲਗਾਏ ਸਨ। ਕੈਪਟਨ ਦੀ ਕਾਰਜਪ੍ਰਣਾਲੀ ਤੋਂ ਨਾਰਾਜ਼ ਹੋ ਕੇ ਖਹਿਰਾ ਨੇ ਕਾਂਗਰਸ ਨੂੰ ਅਲਵਿਦਾ ਕਿਹਾ ਸੀ। ਕੈਪਟਨ ਦੇ ਖਿਲਾਫ ਖਹਿਰਾ ਨੇ ਕਈ ਵਾਰ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ ਸਨ। ਹੁਣ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਆਗੂ ਹੋਣ ਦੇ ਨਾਤੇ ਖਹਿਰਾ ਇਨ੍ਹਾਂ ਸਭ ਮੁੱਦਿਆਂ ਨੂੰ ਹੋਰ ਬੜਬੋਲੇਪਣ ਨਲਾ ਚੁੱਕ ਸਕਦੇ ਹਨ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਦੇ ਦੂਜੇ ਆਗੂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਰਾਹ ਵੀ ਖਹਿਰਾ ਮੁਸ਼ਕਲ ਕਰ ਸਕਦੇ ਹਨ। ਦੋਨੋਂ ਨੇਤਾ ਲੰਮੇ ਸਮੇਂ ਤੋਂ ਇਕ-ਦੂਜੇ ਦਾ ਵਿਰੋਧ ਕਰਦੇ ਰਹੇ ਹਨ।
ਕਾਂਗਰਸ 'ਚ ਰਹਿੰਦੇ ਹੋਏ ਵੀ ਰਾਣਾ ਗੁਰਜੀਤ ਸਿੰਘ ਨੇ ਕਦੇ ਖਹਿਰਾ ਨੂੰ ਮਜ਼ਬੂਤ ਨਹੀਂ ਹੋਣ ਦਿੱਤਾ ਸੀ। ਰੇਤ ਖਦਾਨ ਦੀ ਬੋਲੀ 'ਚ ਹੋਏ ਘੋਟਾਲੇ ਦਾ ਮੁੱਦਾ ਵੀ ਸਭ ਤੋਂ ਪਹਿਲਾ ਖਹਿਰਾ ਨੇ ਰਾਣਾ ਦੇ ਖਿਲਾਫ ਚੁੱਕਿਆ ਸੀ ਤਾਂ ਹੁਣ ਆਉਣ ਵਾਲੇ ਸਮੇਂ 'ਚ ਖਹਿਰਾ ਇਸ ਮੁੱਦੇ ਨੂੰ ਹੋਰ ਪ੍ਰਮੁੱਖਤਾ ਨਾਲ ਮੁੜ ਚੁੱਕ ਸਕਦੇ ਹਨ। ਵਿਧਾਨ ਸਭਾ ਸੈਸ਼ਨ ਤੋਂ ਬਾਅਦ ਜਿਥੇ ਰੇਤ ਖਦਾਨ ਘੋਟਾਲੇ ਦਾ ਮੁੱਦਾ ਕੁਝ ਦਬ ਕੇ ਰਹਿ ਗਿਆ ਹੈ, ਉਥੇ ਹੁਣ ਵਿਰੋਧੀ ਧਿਰ ਦੇ ਆਗੂ ਬਣਨ ਦੇ ਬਾਅਦ ਖਹਿਰਾ ਮੁੜ ਤੋਂ ਰਾਣਾ ਦੇ ਖਿਲਾਫ ਨਵੇਂ ਸਬੂਤ ਦੇ ਨਾਲ ਮੋਰਚਾ ਖੋਲ ਸਕਦੇ ਹਨ। ਰਾਣਾ ਦੇ ਖਿਲਾਫ ਜੇਕਰ ਇਸ ਭ੍ਰਿਸ਼ਟਾਚਾਰ ਦੇ ਮਾਮਲੇ ਦੀਆਂ ਪਰਤਾਂ ਮੁੜ ਖੁੱਲ ਗਈਆਂ ਤਾਂ ਇਹ ਕਾਂਗਰਸ ਦੇ ਲਈ ਵੀ ਮੁਸ਼ਕਲਾਂ ਪੈਦਾ ਕਰ ਸਕਦਾ ਹੈ।
ਬਜਟ ਸੈਸ਼ਨ ਦੇ ਦੌਰਾਨ ਚਲੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਆਮ ਆਦਮੀ ਪਾਰਟੀ ਵਲੋਂ ਵਿਰੋਧੀ ਧਿਰ ਦੇ ਆਗੂ ਦਾ ਰੋਲ ਫੂਲਕਾ ਨੇ ਅਦਾ ਕੀਤਾ ਸੀ ਪਰ 'ਆਪ' ਦੀ ਕਮਜ਼ੋਰ ਰਣਨੀਤੀ ਦੇ ਕਾਰਨ ਪੂਰਾ ਫਾਇਦਾ ਸਰਕਾਰ ਦੇ ਖਿਲਾਫ ਅਕਾਲੀ ਦਲ ਲੈ ਗਿਆ ਸੀ ਪਰ ਹੁਣ ਖਹਿਰਾ ਦੇ ਵਿਰੋਧੀ ਧਿਰ ਦੇ ਆਗੂ ਵਜੋਂ ਆਉਣ ਤੋਂ ਬਾਅਦ ਅਕਾਲੀ ਦਲ ਭਵਿੱਖ 'ਚ  ਇਸ ਤਰ੍ਹਾਂ ਦਾ ਫਾਇਦਾ ਨਹੀਂ ਚੁੱਕ ਸਕੇਗਾ, ਕਿਉਂਕਿ ਮੁੱਖ ਵਿਰੋਧੀ ਧਿਰ ਦਾ ਅਹੁਦਾ ਆਮ ਆਦਮੀ ਪਾਰਟੀ ਕੋਲ ਹੈ ਅਤੇ ਜੇਕਰ 'ਆਪ' ਮਜਬੂਤੀ ਨਾਲ ਵਿਰੋਧੀ ਧਿਰ ਦਾ ਰੋਲ ਅਦਾ ਕਰਦਾ ਹੈ ਤਾਂ ਇਹ ਅਕਾਲੀ ਦਲ ਤੇ ਕਾਂਗਰਸ ਦੋਵਾਂ ਲਈ ਨੁਕਸਾਨਦਾਇਕ ਹੋਵੇਗਾ।
ਵਿਰੋਧੀ ਧਿਰ ਦਾ ਰੋਲ ਅਦਾ ਕਰਦਿਆਂ, ਜਨਤਾ ਦੇ ਹਿੱਤ ਦੇ ਮੁੱਦੇ ਚੁੱਕੇ ਜਾਣਗੇ : ਖਹਿਰਾ
ਵਿਰੋਧੀ ਧਿਰ ਦੇ ਆਗੂ ਖਹਿਰਾ ਦਾ ਕਹਿਣਾ ਹੈ ਕਿ ਉਹ ਵਿਧਾਨ ਸਭਾ 'ਚ ਜਨਤਾ ਦੀ ਆਵਾਜ਼ ਬਨਣਗੇ। ਉਹ ਕਹਿੰਦੇ ਹਨ ਕਿ ਸਰਕਾਰ ਦੀਆਂ ਅਸਫਲਤਾਵਾਂ ਅਤੇ ਗਲਤ ਫੈਸਲਿਆਂ ਦਾ ਵਿਰੋਧ ਕਰਨਾ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਹੈ ਤੇ ਇਸ ਜ਼ਿੰਮੇਵਾਰੀ ਨੂੰ ਵਿਧਾਨ ਸਭਾ 'ਚ ਬਾਖੂਬੀ ਨਿਭਾਇਆ ਜਾਵੇਗਾ।


Related News