ਬਠਿੰਡਾ : ਅਕਾਲੀ ਤੇ ''ਆਪ'' ਆਗੂਆਂ ਨੇ ਆਪੇ ਉਂਗਲਾਂ ਵੱਢੀਆਂ !

02/18/2018 4:34:51 AM

ਬਠਿੰਡਾ(ਬਲਵਿੰਦਰ, ਪਰਵੀਨ)-ਭੂਤਾਂ ਵਾਲਾ ਖੂਹ ਭਗਤਾ ਵਿਖੇ ਲੱਗਣ ਵਾਲੇ ਸਾਲਾਨਾ ਮੇਲੇ ਦੀ ਲੜਾਈ ਇਸ ਕਦਰ ਵਧ ਗਈ ਹੈ ਕਿ ਅਕਾਲੀ ਤੇ 'ਆਪ' ਆਗੂ ਆਹਮੋ-ਸਾਹਮਣੇ ਹੋ ਗਏ ਹਨ।  ਮੇਲੇ 'ਚ ਹੋਈ ਲੜਾਈ ਤੋਂ ਬਾਅਦ ਦੇਵੇਂ ਧਿਰਾਂ ਦਾ ਇਕ-ਇਕ ਆਗੂ ਸਿਵਲ ਹਸਪਤਾਲ ਵਿਚ ਦਾਖਲ ਹੈ ਤੇ ਦੋਵਾਂ ਦੀਆਂ ਉਂਗਲਾਂ ਵੱਢੀਆਂ ਗਈਆਂ ਹਨ।  ਜਾਣਕਾਰੀ ਮੁਤਾਬਕ ਆਗੂ ਡਾ. ਕੇਵਲ ਸਿੰਘ ਤੇ ਪ੍ਰੀਤਮ ਸਿੰਘ ਮੇਲੇ 'ਚ ਚੰਡੋਲ ਲਾਉਣ ਆਦਿ ਦੀ ਮਨਜ਼ੂਰੀ ਨੂੰ ਲੈ ਕੇ ਖੂਹ ਕਮੇਟੀ, ਜੋ ਅਕਾਲੀ ਦਲ ਨਾਲ ਸਬੰਧਤ ਹੈ, ਦੇ ਅਹੁਦੇਦਾਰਾਂ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਖੂਹ ਕਮੇਟੀ ਦੇ ਇਕ ਵਰਕਰ ਹੈਪੀ ਨਾਲ ਲੜਾਈ ਹੋ ਗਈ।
ਅੰਦਰਲੀ ਗੱਲ 
ਜੇਕਰ ਸੂਤਰਾਂ ਦੀ ਮੰਨੀਏ ਤਾਂ ਉਹ ਕਹਿੰਦੇ ਹਨ ਕਿ ਖੂਹ ਕਮੇਟੀ ਤੇ 'ਆਪ' ਵਰਕਰਾਂ ਦੀ ਲੜਾਈ ਹੋਈ ਸੀ, ਜਿਸ ਵਿਚ ਥੱਪੜਾਂ ਤੋਂ ਵੱਧ ਕਿਸੇ ਵੀ ਹਥਿਆਰ ਦੀ ਵਰਤੋਂ ਨਹੀਂ ਹੋਈ। ਥੋੜ੍ਹੀ ਬਹੁਤ ਧੱਕਾ-ਮੁੱਕੀ ਤੋਂ ਬਾਅਦ ਦੋਵੇਂ ਧਿਰਾਂ ਨੂੰ ਵੱਖ ਕਰ ਦਿੱਤਾ ਗਿਆ ਸੀ ਪਰ ਬਾਅਦ ਵਿਚ ਦੋਵੇਂ ਧਿਰਾਂ ਉਂਗਲਾਂ ਵੱਢਣ ਦੇ ਦੋਸ਼ ਲਾ ਰਹੀਆਂ ਹਨ। ਸੰਭਾਵਨਾ ਹੈ ਕਿ ਪੁਲਸ ਕੇਸ ਬਣਾਉਣ ਲਈ ਹੀ ਦੋਵੇਂ ਧਿਰਾਂ ਨੇ ਉਂਗਲਾਂ ਵੱਢਣ ਦਾ ਪ੍ਰੋਗਰਾਮ ਬਣਾਇਆ ਹੈ।
ਕੀ ਕਹਿੰਦਾ ਹੈ ਹੈਪੀ  
ਅਕਾਲੀ ਵਰਕਰ ਹੈਪੀ ਦਾ ਕਹਿਣਾ ਹੈ ਕਿ 'ਆਪ' ਵਰਕਰ ਕਮੇਟੀ ਵਾਲਿਆਂ ਨਾਲ ਖਾਹਮ-ਖਾ ਪੰਗੇ ਲੈ ਰਹੇ ਸਨ। ਜਦੋਂ ਲੜਾਈ ਹੋਈ ਤਾਂ ਉਹ ਵੀ ਉਥੇ ਹੀ ਸੀ। ਉਕਤ ਨੇ ਉਸ ਦੀ ਪਿੱਠ 'ਚ ਸੱਟ ਮਾਰੀ, ਜਦਕਿ ਕਿਸੇ ਨੁਕੀਲੀ ਚੀਜ਼ ਵੱਜਣ ਨਾਲ ਉਸ ਦੀ ਉਂਗਲ ਵੀ ਕੱਟੀ ਗਈ।
ਕੀ ਕਹਿੰਦੇ ਹਨ ਡਾ. ਕੇਵਲ
'ਆਪ' ਆਗੂ ਡਾ. ਕੇਵਲ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਵਰਕਰ ਹੈਪੀ ਨੇ ਮਾਰ ਦੇਣ ਦੀ ਨੀਅਤ ਨਾਲ ਉਸ 'ਤੇ ਹਮਲਾ ਕਰ ਦਿੱਤਾ। ਜਦੋਂ ਹੈਪੀ ਨੇ ਤਲਵਾਰ ਉਸ ਦੇ ਸਿਰ 'ਚ ਮਾਰਨੀ ਚਾਹੀ ਤਾਂ ਉਸ ਨੇ ਹੱਥ ਅੱਗੇ ਕਰ ਦਿੱਤਾ, ਜਿਸ ਕਾਰਨ ਉਸ ਦੀ ਇਕ ਉਂਗਲ ਵੱਢੀ ਗਈ, ਜਦੋਂ ਕਿ ਹੋਰ ਵੀ ਸੱਟਾਂ ਲੱਗੀਆਂ ਹਨ। 
ਕੀ ਕਹਿੰਦੇ ਹਨ ਪੁਲਸ ਅਧਿਕਾਰੀ 
ਥਾਣਾ ਦਿਆਲਪੁਰਾ ਦੇ ਮੁਖੀ ਦਾ ਕਹਿਣਾ ਹੈ ਕਿ ਲੜਾਈ ਜ਼ਰੂਰ ਹੋਈ ਹੈ ਪਰ ਸੱਟਾਂ ਬਾਰੇ ਪਤਾ ਨਹੀਂ ਲੱਗਾ। ਉਕਤ ਦੋਵੇਂ ਧਿਰਾਂ ਦੇ ਵਿਅਕਤੀ ਹਸਪਤਾਲ ਵਿਚ ਦਾਖਲ ਹਨ ਤੇ ਗੰਭੀਰ ਸੱਟਾਂ ਦੱਸ ਰਹੇ ਹਨ। ਮਾਮਲਾ ਸ਼ੱਕੀ ਜਾਪ ਰਿਹਾ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।


Related News