ਨਗਰ ਨਿਗਮ ਚੋਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ''ਚ ਹਾਸ਼ੀਏ ''ਤੇ ਪੁੱਜੀ ''ਆਪ''

12/22/2017 5:49:43 AM

ਲੁਧਿਆਣਾ(ਹਿਤੇਸ਼)-ਨਗਰ ਨਿਗਮ ਚੋਣ ਦੇ ਨਤੀਜਿਆਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਰਾਜਨੀਤੀ 'ਚ ਹਾਸ਼ੀਏ 'ਤੇ ਪਹੁੰਚਾ ਦਿੱਤਾ ਹੈ, ਜਿਸ ਦੇ ਮੱਦੇਨਜ਼ਰ ਪਾਰਟੀ ਨੇ ਜਲਦਬਾਜ਼ੀ 'ਚ ਸੰਜੇ ਸਿੰਘ ਦੀ ਜਗ੍ਹਾ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਮੁਖੀ ਲਾ ਦਿੱਤਾ ਹੈ ਪਰ ਸਵਾਲ ਇਹ ਹੈ ਕਿ ਕੀ ਉਹ ਲੋਕ ਸਭਾ ਚੋਣਾਂ ਤੱਕ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਵਜੂਦ ਬਚਾਉਣ 'ਚ ਕਾਮਯਾਬ ਹੋ ਸਕਣਗੇ। ਦੇਸ਼ 'ਚ ਰਾਜਨੀਤੀ ਦਾ ਮਤਲਬ ਬਦਲਣ ਦੇ ਦਾਅਵੇ ਨਾਲ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਪੂਰਾ ਬਹੁਮਤ ਹਾਸਲ ਕਰ ਕੇ ਸ਼ੀਲਾ ਦੀਕਸ਼ਤ ਦੀ 15 ਸਾਲ ਪੁਰਾਣੀ ਸਰਕਾਰ ਨੂੰ ਚਲਦਾ ਕਰ ਕੇ ਇਤਿਹਾਸ ਕਾਇਮ ਕੀਤਾ ਸੀ ਪਰ ਉਸ ਦਾ ਕੁੱਝ ਦੇਰ ਦਾ ਕਾਰਜਕਾਲ ਹੀ ਵਿਵਾਦਾਂ ਦੇ ਘੇਰੇ 'ਚ ਆਉਣ ਕਾਰਨ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਪੂਰੇ ਦੇਸ਼ 'ਚ ਪੈਰ ਜਮਾਉਣ ਦਾ ਸੁਪਨਾ ਪੂਰਾ ਨਹੀਂ ਕਰ ਸਕੀ ਪਰ ਪੰਜਾਬ 'ਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ 'ਤੇ ਜਿੱਤ ਦਿਵਾਈ, ਜਿਸ ਨੂੰ ਪੰਜਾਬ 'ਚ ਅਕਾਲੀ ਦਲ ਤੇ ਦੇਸ਼ ਭਰ 'ਚ ਕਾਂਗਰਸ ਖਿਲਾਫ ਬਣੇ ਮਾਹੌਲ ਦੀ ਵਜ੍ਹਾ ਦੱਸਿਆ ਗਿਆ। ਇਸ ਦੌਰ ਦਾ ਲਾਹਾ ਲੈਣ ਲਈ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਡੇਰਾ ਪਾ ਲਿਆ।
ਪੰਜਾਬ ਵਿਚ ਵਿਧਾਨ ਸਭਾ ਚੋਣ ਤੋਂ ਪਹਿਲਾਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਵਿਰੁੱਧ ਚੱਲ ਰਹੀ ਲਹਿਰ ਦੌਰਾਨ ਇਕ ਵਾਰ ਤਾਂ ਅਜਿਹੇ ਸੰਕੇਤ ਵੀ ਮਿਲਣ ਲੱਗੇ ਸਨ ਕਿ ਆਮ ਆਦਮੀ ਪਾਰਟੀ ਕਲੀਨ ਸਵੀਪ ਦੇ ਰੂਪ ਵਿਚ ਸਰਕਾਰ ਬਣਾਏਗੀ ਪਰ ਉਸ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਕਾਂਗਰਸ ਤੋਂ ਇਲਾਵਾ ਅਕਾਲੀ-ਭਾਜਪਾ ਨੇ ਵੀ ਹਮਲਿਆਂ ਦਾ ਰੁਖ ਆਮ ਆਦਮੀ ਪਾਰਟੀ ਵੱਲ ਕਰ ਦਿੱਤਾ। ਫਿਰ ਟਿਕਟਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਸੱਤਾ ਹਾਸਲ ਕਰਨ ਦੇ ਆਮ ਆਦਮੀ ਪਾਰਟੀ ਦੇ ਸੁਪਨੇ 'ਤੇ ਭਾਰੀ ਪਿਆ। ਇਸ ਤੋਂ ਵੀ ਵੱਧ ਕੇ ਆਖਰੀ ਦਿਨਾਂ ਵਿਚ ਕੱਟੜਪੰਥੀਆਂ ਦਾ ਸਮਰਥਨ ਲੈਣ ਕਾਰਨ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਕਾਫੀ ਦੂਰ ਚਲੀ ਗਈ।  ਹਾਲਾਂਕਿ ਪੰਜਾਬ 'ਚ ਵਿਰੋਧੀ ਧਿਰ ਦਾ ਦਰਜਾ ਮਿਲ ਗਿਆ, ਜਿਸ ਦੇ ਬਾਵਜੂਦ ਸੱਤਾ ਵਿਚ ਆਉਣ ਸਬੰਧੀ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਰਾਜ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਤੇ ਪੰਜਾਬ ਦੇ ਵੀ ਚੋਣਵੇਂ ਲੀਡਰ ਹੀ ਸਰਗਰਮ ਰਹੇ, ਜਿਸ ਦਾ ਨਤੀਜਾ ਪਠਾਨਕੋਟ ਲੋਕ ਸਭਾ ਚੋਣ ਦੇ ਬਾਅਦ ਹੁਣ ਨਗਰ ਨਿਗਮ ਚੋਣ ਦੇ ਨਤੀਜੇ ਦੇ ਰੂਪ ਵਿਚ ਸਾਹਮਣੇ ਆ ਗਿਆ ਹੈ, ਜਿਸ ਤੋਂ ਇਹ ਸਾਫ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਰਾਜਨੀਤੀ 'ਚ ਹਾਸ਼ੀਏ 'ਤੇ ਚਲੀ ਗਈ ਹੈ, ਜਿਸ ਦੀ ਬੇੜੀ ਪਾਰ ਲਾਉਣ ਵਿਚ ਮਨੀਸ਼ ਸਿਸੋਦੀਆ ਨੂੰ ਕਾਮਯਾਬੀ ਮਿਲਣ 'ਤੇ ਵੀ ਫਿਲਹਾਲ ਦੁਚਿੱਤੀ ਕਾਇਮ ਰਹੇਗੀ।


Related News