ਚੋਣਾਂ ''ਚ ਧੋਖੇਬਾਜ਼ਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ : ਹਰਚੰਦ ਸਿੰਘ ਬਰਸਟ

Thursday, Mar 28, 2024 - 03:46 PM (IST)

ਚੋਣਾਂ ''ਚ ਧੋਖੇਬਾਜ਼ਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ : ਹਰਚੰਦ ਸਿੰਘ ਬਰਸਟ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੂਰਾਲ 'ਤੇ ਵਰ੍ਹਦੇ ਹੋਏ ਦੋਹਾਂ ਨੂੰ ਵਿਸ਼ਵਾਸਘਾਤੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੋਹਾਂ ਆਗੂਆਂ ਨੂੰ ਲੋਕਾਂ ਨੇ ਇਸ ਲਈ ਚੁਣਿਆ ਸੀ ਕਿਉਂਕਿ ਉਹ ‘ਆਪ’ ਦੀਆਂ ਟਿਕਟਾਂ ’ਤੇ ਚੋਣ ਮੈਦਾਨ ਵਿੱਚ ਉਤਰੇ ਸਨ ਅਤੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਬਹੁਤ ਖੁਸ਼ ਹਨ ਪਰ ਹੁਣ ਇਨ੍ਹਾਂ ਦੋਹਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਭਾਜਪਾ ਵਿੱਚ ਸ਼ਾਮਲ ਹੋ ਕੇ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ, ਜਿਸ ਦਾ ਆਗਾਮੀ ਚੋਣਾਂ ਵਿੱਚ ਲੋਕ ਮੋੜਵਾਂ ਜਵਾਬ ਦੇਣਗੇ।

ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਪਾਰਟੀ ਵੱਲੋਂ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਜਿੱਤ ਦਿਵਾਉਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਚਾਰ ਕੀਤਾ ਸੀ ਅਤੇ ਉਸ ਨੂੰ ਵੱਡੀ ਜਿੱਤ ਦਵਾਈ ਸੀ ਪਰ ਸੁਸ਼ੀਲ ਰਿੰਕੂ ਨੇ ਆਪਣੇ ਨਿੱਜੀ ਹਿੱਤਾ ਨੂੰ ਪਹਿਲ ਦਿੰਦਿਆਂ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ੍ਹ ਲਿਆ, ਜਿਸ ਦੇ ਲਈ ਜਲੰਧਰ ਦੇ ਲੋਕ ਉਸ ਨੂੰ ਕਦੇ ਮੁਆਫ਼ ਨਹੀਂ ਕਰਨਗੇ।

ਬਰਸਟ ਨੇ ਦੋਵਾਂ ਨੂੰ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਕਿਹੜੀ ਸੌਦੇਬਾਜ਼ੀ ਕਰਕੇ ਉਹ ਭਾਜਪਾ ਵਿੱਚ ਸ਼ਾਮਲ ਹੋਏ ਹਨ ਅਤੇ ਲੋਕਾਂ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਸਿਰਫ਼ ਇਸ ਲਈ ਚੋਣਾਂ ਵਿੱਚ ਜਿੱਤੇ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ, ਪਰ ਉਨ੍ਹਾਂ ਦੇ ਵਿਸ਼ਵਾਸਘਾਤ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ ਅਤੇ ਚੋਣਾਂ ਵਿੱਚ ਉਸਦੇ ਖ਼ਿਲਾਫ਼ ਆਪਣੀ ਵੋਟ ਪਾ ਕੇ ਮੋੜਵਾਂ ਜਵਾਬ ਦੇਣਗੇ।


author

Babita

Content Editor

Related News