ਬਿਜਲੀ ਮਾਫੀਆ ਨਾਲ ਘਿਓ-ਖਿਚੜੀ ਹਨ ਬਾਦਲ ਤੇ ਕੈਪਟਨ : ਆਪ
Thursday, Jan 02, 2020 - 03:32 PM (IST)
ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਹੈ ਕਿ ਸਰਕਾਰੀ ਸਰਪ੍ਰਸਤੀ ਹੇਠ ਸੰਗਠਿਤ ਬਿਜਲੀ ਮਾਫ਼ੀਆ ਹੱਥੋਂ ਸੂਬੇ ਦੇ ਹਰੇਕ ਬਿਜਲੀ ਖਪਤਕਾਰ ਦੀ ਹੋ ਰਹੀ ਲੁੱਟ ਬਾਰੇ ਅਕਾਲੀ-ਭਾਜਪਾ ਅਤੇ ਸੱਤਾਧਾਰੀ ਕਾਂਗਰਸ ਦੇ ਆਗੂਆਂ ਨੂੰ ਮਗਰਮੱਛ ਦੇ ਹੰਝੂ ਵਹਾਉਣ ਦਾ ਵੀ ਕੋਈ ਹੱਕ ਨਹੀਂ ਰਹਿ ਗਿਆ, ਕਿਉਂਕਿ ਰਾਜਭਾਗ ਭੋਗਣ ਵਾਲੀਆਂ ਇਹ ਧਿਰਾਂ ਲੁੱਟ ਦੇ ਇਸ ਨਿਜ਼ਾਮ 'ਚ ਮਾਫ਼ੀਆ ਸਮੇਤ ਇਕ-ਦੂਜੇ ਨਾਲ ਪੂਰੀ ਤਰਾਂ ਘਿਓ-ਖਿਚੜੀ ਹਨ।
'ਆਪ' ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਬਿਜਲੀ ਮੋਰਚਾ ਦੀ ਕਮਾਨ ਸੰਭਾਲ ਰਹੇ ਨੌਜਵਾਨ ਵਿਧਾਇਕ ਮੀਤ ਹੇਅਰ, ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਐੱਸ. ਸੀ. ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ, ਸਹਿ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਅਤੇ ਐੱਨ. ਆਰ. ਆਈ. ਵਿੰਗ ਦੇ ਪ੍ਰਧਾਨ ਜੈ ਕਿਸ਼ਨ ਸਿੰਘ ਰੋੜੀ (ਸਾਰੇ ਵਿਧਾਇਕ) ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਇਰਾਦੇ ਪੰਜਾਬੀਆਂ ਅਤੇ ਪੰਜਾਬ ਹਿਤੈਸ਼ੀ ਹੁੰਦੇ ਤਾਂ ਸੱਤਾ ਸੰਭਾਲਦਿਆਂ ਹੀ ਪਹਿਲੇ 6 ਮਹੀਨਿਆਂ ਦੇ ਅੰਦਰ-ਅੰਦਰ ਪਾਵਰਕਾਮ (ਪੀ. ਐੱਸ. ਪੀ. ਸੀ. ਐੱਲ.) ਅਤੇ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਬਿਜਲੀ ਖ਼ਰੀਦ ਸਮਝੌਤਿਆਂ (ਪੀ.ਪੀ.ਏਜ਼) ਦੀ ਮੁੜ ਨਜ਼ਰਸਾਨੀ ਅਤੇ ਬਿਜਲੀ ਖੇਤਰ 'ਚ ਬਾਦਲ ਸਰਕਾਰ ਦੀਆਂ 10 ਸਾਲਾਂ ਦੇ ਵਿੱਤੀ ਲੈਣ ਦੇਣ ਦਾ ਦੇਸ਼ ਦੇ ਕਿਸੇ ਵੀ ਭਰੋਸੇਯੋਗ ਅਦਾਰੇ ਕੋਲੋਂ ਨਿਰਪੱਖ ਅਤੇ ਪਾਰਦਰਸ਼ੀ ਆਡਿਟ ਕਰਵਾ ਲਿਆ ਹੁੰਦਾ ਪਰ ਅਜਿਹਾ ਨਹੀਂ ਹੋਇਆ, ਕਿਉਂਕਿ ਕੈਪਟਨ ਸਰਕਾਰ ਵੀ ਬਾਦਲਾਂ ਦੀਆਂ ਪੈੜਾਂ 'ਤੇ ਚੱਲਦੇ ਹੋਏ ਉਸੇ ਬਿਜਲੀ ਮਾਫ਼ੀਆ ਦਾ ਹਿੱਸਾ ਬਣ ਗਈ, ਜਿਸ ਨੂੰ ਸੁਖਬੀਰ ਸਿੰਘ ਬਾਦਲ ਨੇ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਕੇ ਪੈਦਾ ਕੀਤਾ ਅਤੇ 'ਬਿਜਲੀ ਸਰਪਲੱਸ' ਦੇ ਨਾਂ 'ਤੇ ਪਾਲਿਆ। ਨਤੀਜੇ ਵਜੋਂਆਮ ਘਰੇਲੂ ਪਰਿਵਾਰ ਨੂੰ ਪ੍ਰਤੀ ਯੂਨਿਟ 9 ਰੁਪਏ ਬਿਜਲੀ ਪੈ ਰਹੀ ਹੈ।
'ਆਪ' ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਬਿਜਲੀ ਮਾਫ਼ੀਆ ਦੀ ਅੰਨ੍ਹੀ ਲੁੱਟ ਵਿਰੁੱਧ 'ਆਪ' ਦੇ ਬਿਜਲੀ ਮੋਰਚੇ ਨੇ ਲੋਕਾਂ ਦੀ ਲਾਮਬੰਦੀ ਕਰਨ 'ਚ ਵੱਡੀ ਭੂਮਿਕਾ ਨਿਭਾਈ ਹੈ, ਨਤੀਜੇ ਵਜੋਂ ਮਹਿੰਗੀ ਬਿਜਲੀ ਦਾ ਮੁੱਦਾ ਪੰਜਾਬ ਦਾ ਕੇਂਦਰੀ ਮੁੱਦਾ ਬਣ ਗਿਆ ਹੈ।