'ਆਪ' ਨੂੰ ਇਕ ਹੋਰ ਝਟਕਾ, ਜ਼ਿਲਾ ਪ੍ਰਧਾਨ ਅਕਾਲੀ ਦਲ 'ਚ ਸ਼ਾਮਲ

Saturday, Apr 27, 2019 - 03:15 PM (IST)

'ਆਪ' ਨੂੰ ਇਕ ਹੋਰ ਝਟਕਾ, ਜ਼ਿਲਾ ਪ੍ਰਧਾਨ ਅਕਾਲੀ ਦਲ 'ਚ ਸ਼ਾਮਲ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਆਮ ਆਦਮੀ ਪਾਰਟੀ ਦੇ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਅਰਜਨ ਐਵਾਰਡੀ ਰਿਟਾਇਰਡ ਐੱਸ. ਪੀ. ਸੱਜਣ ਸਿੰਘ ਚੀਮਾ ਅੱਜ ਖਿੰਡਾ ਫਾਰਮ ਡੱਲਾ (ਸੁਲਤਾਨਪੁਰ ਲੋਧੀ ) ਵਿਖੇ ਆਯੋਜਿਤ ਸਮਾਗਮ ਦੌਰਾਨ 'ਆਪ' ਨੂੰ ਅਲਵਿਦਾ ਕਹਿ ਕੇ ਆਪਣੇ ਸਮੂਹ ਸਾਥੀਆਂ ਸਮੇਤ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਦੱਸ ਦੇਈਏ ਕਿ ਸੱਜਣ ਸਿੰਘ ਪਿਛਲੀ ਵਿਧਾਨ ਸਭਾ ਚੋਣ ਸਮੇਂ 'ਆਪ' ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਸਨ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਸਿਰੋਪਾ ਦੇ ਕੇ ਚੀਮਾ ਨੂੰ ਅਕਾਲੀ ਦਲ 'ਚ ਸ਼ਾਮਲ ਕਰਨ ਦਾ ਐਲਾਨ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਵਰਕਰ ਹੁਣ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਸੁਲਤਾਨਪੁਰ ਲੋਧੀ ਹਲਕੇ ਤੋਂ 20 ਹਜਾਰ ਵੋਟਾਂ ਦੇ ਫਰਕ ਨਾਲ ਜਿਤਾਉਣਗੇ। ਇਸ ਸਮੇਂ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਖਿੰਡਾ, ਡਾਕਟਰ ਬਲਵਿੰਦਰ ਸਿੰਘ ਨਗੀਨਾ ਅਤੇ ਹੋਰ ਸੈਂਕੜੇ 'ਆਪ' ਵਰਕਰ ਅਕਾਲੀ ਦਲ 'ਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਈਆ ਵੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਦੀ ਪਾਰਟੀ 'ਚ ਸ਼ਾਮਲ ਹੋ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਵਿਧਾਇਕੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ


author

shivani attri

Content Editor

Related News