ਲੋਕ ਅਕਾਲੀ ਦਲ ਤੇ ਕਾਂਗਰਸ ਤੋਂ ਆਪਣਾ ਪੱਲਾ ਛੁਡਾਉਣ ਲੱਗੇ : ਡਾ. ਰਵਜੋਤ
Thursday, Apr 18, 2019 - 03:16 PM (IST)
ਹੁਸ਼ਿਆਰਪੁਰ (ਘੁੰਮਣ)— ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾ. ਰਵਜੋਤ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪਾਰਟੀ ਦੇ ਲੋਕ ਸਭਾ ਚੋਣਾਂ ਦੇ ਇੰਚਾਰਜ ਵਿਧਾਇਕ ਅਮਨ ਅਰੋੜਾ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਸਮੇਂ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਨਾਲ ਸਬੰਧਤ ਅਕਾਲੀ ਆਗੂ ਬੀਬੀ ਹਰਵਿੰਦਰ ਕੌਰ ਅਤੇ ਦਾਦੂਪੁਰ ਪਿੰਡ ਦੇ ਅਮਰੀਕ ਸਿੰਘ ਜੋ ਕਿ ਕਾਂਗਰਸ ਦੇ ਆਗੂ ਸਨ, ਨੇ ਆਪੋ-ਆਪਣੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ 'ਆਪ' ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਕਤ ਦੋਵੇਂ ਆਗੂਆਂ ਦਾ ਪਾਰਟੀ 'ਚ ਸ਼ਾਮਲ ਹੋਣ 'ਤੇ ਅਮਨ ਅਰੋੜਾ ਅਤੇ ਡਾ. ਰਵਜੋਤ ਸਮੇਤ ਜ਼ਿਲੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ 'ਚ ਅਮਨ ਅਰੋੜਾ ਨੇ ਕਿਹਾ ਕਿ 'ਆਪ' ਆਮ ਲੋਕਾਂ ਦੀ ਪਾਰਟੀ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਵੀ ਵੱਡੀ ਗਿਣਤੀ 'ਚ ਆਮ ਲੋਕ ਪਾਰਟੀ 'ਚ ਸ਼ਾਮਲ ਹੋ ਰਹੇ ਹਨ ਜਦੋਂ ਕਿ ਅਕਾਲੀ ਦਲ-ਭਾਜਪਾ ਤੇ ਕਾਂਗਰਸ ਅੰਦਰ ਸਿਰਫ ਤੇ ਸਿਰਫ ਖਾਸ ਲੋਕਾਂ ਦਾ ਹੀ ਖਿਆਲ ਰੱਖਿਆ ਜਾਂਦਾ ਹੈ।
ਇਸ ਸਮੇਂ ਡਾ. ਰਵਜੋਤ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਬੀਬੀ ਹਰਵਿੰਦਰ ਕੌਰ ਤੇ ਅਮਰੀਕ ਸਿੰਘ ਨੂੰ ਪਾਰਟੀ ਅੰਦਰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 'ਆਪ' ਆਮ ਲੋਕਾਂ ਦੀ ਮਦਦ ਨਾਲ ਖਾਸ ਲੋਕਾਂ ਦੀਆਂ ਪਾਰਟੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਆਉਂਦੀਆਂ ਲੋਕ ਸਭਾ ਚੋਣਾਂ 'ਚ ਮਾਤ ਦੇਵੇਗੀ ਅਤੇ ਸੂਬੇ ਦੀਆਂ ਸਾਰੀਆਂ 13 ਸੀਟਾਂ 'ਤੇ ਜਿੱਤ ਦਰਜ ਕਰੇਗੀ। ਇਸ ਮੌਕੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ, ਜ਼ਿਲਾ ਪ੍ਰਧਾਨ ਗੁਰਵਿੰਦਰ ਪਾਬਲਾ, ਜਸਬੀਰ ਸਿੰਘ ਰਾਜਾ ਗਿੱਲ, ਜਸਪਾਲ ਚੇਚੀ, ਸੰਦੀਪ ਸੈਣੀ, ਅਜੇ ਵਰਮਾ, ਹਰਮੀਤ ਸਿੰਘ ਔਲਖ, ਜੀ. ਐੱਸ. ਮੁਲਤਾਨੀ, ਸੁਰਿੰਦਰ ਸਿੰਘ ਬਸਰਾ, ਸਰਪੰਚ ਹਰਵਿੰਦਰ ਸੰਧੂ ਚੱਬੇਵਾਲ, ਸੰਤੋਸ਼ ਸੈਣੀ ਆਦਿ ਵੀ ਮੌਜੂਦ ਸਨ।