ਸੱਤਾ ਹਾਸਲ ਕਰਨ ਲਈ ਲਾਸ਼ਾਂ ਵਿਛਾਉਂਦੇ ਰਹੇ ਅਕਾਲੀ-ਕਾਂਗਰਸ : ਖਹਿਰਾ

Monday, Feb 12, 2018 - 01:21 PM (IST)

ਸੱਤਾ ਹਾਸਲ ਕਰਨ ਲਈ ਲਾਸ਼ਾਂ ਵਿਛਾਉਂਦੇ ਰਹੇ ਅਕਾਲੀ-ਕਾਂਗਰਸ : ਖਹਿਰਾ

ਚੰਡੀਗੜ੍ਹ (ਰਮਨਜੀਤ) — ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਦੋਨੋਂ ਸਿਆਸੀ ਦਲ ਸਿਰਫ ਸੱਤਾ ਹਾਸਲ ਕਰਨ ਲਈ ਪੰਜਾਬ ਦੇ ਨਿਰਦੋਸ਼ ਲੋਕਾਂ ਦੀਆਂ ਲਾਸ਼ਾਂ ਵਿਛਾਉਣ 'ਚ ਲੱਗੇ ਰਹੇ। ਸਿਆਸੀ ਹਿੱਤਾਂ ਦੀ ਪੂਰਤੀ ਲਈ ਦੋਨਾਂ ਦਲਾਂ ਵਲੋਂ ਫਿਰਕਾਪ੍ਰਸਤੀ ਵਾਲੀ ਸਿਆਸਤ ਖੇਡੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੌੜ ਮੰਡੀ ਬੰਬ ਧਮਾਕੇ ਦੀ ਪ੍ਰਾਥਮਿਕ ਪੁਲਸ ਜਾਂਚ ਦੌਰਾਨ ਕਾਂਗਰਸੀ ਤੇ ਅਕਾਲੀ ਆਗੂਆਂ ਦੀ ਭੂਮਿਕਾ ਸਿੱਧੇ ਤੌਰ 'ਤੇ ਸਾਹਮਣੇ ਆ ਗਈ ਹੈ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਬੰਬ ਬਲਾਸਟ ਦੇ ਲਈ ਇਸਤੇਮਾਲ ਕੀਤੀ ਗਈ ਨੂੰ ਡੇਰਾ ਸਿਰਸਾ 'ਚ ਤਿਆਰ ਕੀਤਾ ਗਿਆ ਸੀ ਤੇ ਇਹ ਸਾਰਾ ਕੰਮ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਕੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਹਾਸਲ ਕਰਨ ਲਈ ਕੀਤਾ ਗਿਆ ਸੀ। ਬੰਬ ਬਲਾਸਟ ਲਈ ਕੱਟਰਪੰਥੀਆਂ ਦੀ ਮਦਦ ਨੂੰ ਲੈ ਕੇ ਧਮਾਕਾ ਕਰਨ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਉਨ੍ਹਾਂ ਦੀ ਸੋਚੀ-ਸਮਝੀ ਚਾਲ ਸੀ।
ਖਹਿਰਾ ਨੇ ਕਿਹਾ ਕਿ ਦੋਨੋਂ ਹੀ ਰਿਵਾਇਤੀ ਪਾਰਟੀਆਂ ਲੰਮੇ ਸਮੇਂ ਤੋਂ ਧਰਮ ਤੇ ਫਿਰਕਾਪ੍ਰਸਤੀ ਦੀ ਸਿਆਸਤ ਕਰ ਰਹੀਆਂ ਹਨ ਤੇ ਮਤਦਾਨ ਦੌਰਾਨ ਉਨ੍ਹਾਂ ਦੇ ਆਗੂ ਕਈ ਵਾਰ ਡੇਰਾ ਸੱਚਾ ਸੌਦਾ 'ਚ ਗਏ। ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਹਾਰ ਦਾ ਡਰ ਦੇਖਦੇ ਹੋਏ ਦੋਨਾਂ ਪਾਰਟੀਆਂ ਨੇ ਇਕਜੁੱਟ ਹੋ ਕੇ ਸ਼ਹਿਰੀ ਵੋਟਰਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਇਸ ਭੱਦੀ ਚਾਲ ਨੇ ਆਖਿਰੀ ਸਮੇਂ 'ਚ ਵੋਟਰਾਂ ਦਾ ਰੂਝਾਨ ਬਦਲ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਆਗੂ ਆਪਣੇ ਹੀ ਲੋਕਾਂ ਦੀਆਂ ਲਾਸ਼ਾਂ 'ਤੇ ਸਿਆਸਤ ਕਰਨ ਤੋਂ ਗੁਰੇਜ਼ ਨਹੀਂ ਕਰਦੇ।


Related News