ਜਾਣੋਂ, ''ਆਪ'' ''ਚ ਕਿਵੇਂ, ਕਦੋਂ ਤੇ ਕਿਉਂ ਪਈ ਭਸੂੜੀ (ਵੀਡੀਓ)
Sunday, Nov 04, 2018 - 06:29 PM (IST)
ਜਲੰਧਰ (ਵੈੱਬ ਡੈਸਕ) : ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ 'ਚ ਜਿਸ ਵੱਡੇ ਧਮਾਕੇ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਸ਼ਨੀਵਾਰ ਨੂੰ ਆਖਿਰ ਉਹ ਹੋ ਹੀ ਗਿਆ। 'ਆਪ' ਹਾਈਕਮਾਨ ਨੇ ਅਨੁਸ਼ਾਸਨ ਭੰਗ ਕਰਨ ਅਤੇ ਪਾਰਟੀ ਵਿਰੁੱਧ ਕਾਰਵਾਈਆਂ ਦੇ ਚੱਲਦੇ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਮੁਅੱਤਲ ਕਰ ਦਿੱਤਾ। ਅਕਾਲੀ ਦਲ ਤੇ ਕਾਂਗਰਸ ਨੂੰ ਭਾਜੜ ਪਾਉਣ ਵਾਲੀ 'ਆਪ' ਹੁਣ ਖੇਰੂੰ-ਖੇਰੂੰ ਜਾਪਦੀ ਹੈ।
ਆਮ ਆਦਮੀ ਪਾਰਟੀ ਨਾਲ ਪੁਰਾਣੇ ਸਮਾਜਵਾਦੀ ਨੇਤਾ ਅਤੇ ਲੋਕ ਲਹਿਰਾਂ ਦੇ ਆਗੂ ਤੀਜੇ ਬਦਲ ਨੂੰ ਸੋਚ ਕੇ ਜੁੜੇ। 2014 'ਚ ਦਿੱਲੀ ਨੇ 'ਆਪ' ਦਾ ਸਾਥ ਦਿੱਤਾ ਤੇ ਕੇਜਰੀਵਾਲ ਦੀ ਸਰਕਾਰ ਆਈ। ਕੇਜਰੀਵਾਲ ਦੀ ਕ੍ਰਾਂਤੀ ਪੰਜਾਬ ਤਕ ਵੀ ਪੁੱਜੀ ਜਿਸ ਨੇ ਪੰਜਾਬ 'ਚ ਲੋਕ ਸਭਾ ਦੀਆਂ 4 ਸੀਟਾਂ ਜਿੱਤੀਆਂ ਪਰ 'ਆਪ' 'ਚ ਘਮਾਸਾਨ ਸ਼ੁਰੂਆਤੀ ਦੌਰ ਤੋਂ ਹੀ ਜੁੜਿਆ ਹੋਇਆ ਹੈ। ਪੰਜਾਬ 'ਆਪ' 'ਚ ਚਿੰਗੀਆੜੀ ਬਾਰੂਦ ਫਟਣ ਤਕ ਕਦੋਂ, ਕਿਥੇ ਤੇ ਕਿਵੇਂ ਪਹੁੰਚੀ ਇਸ ਤੋਂ ਜ਼ਰਾ ਚੰਗੀ ਤਰ੍ਹਾਂ ਜਾਣੂ ਕਰਵਾਉਂਦੇ ਹਾਂ। ਕਰੀਬ 4 ਮਹੀਨੇ ਪਹਿਲਾਂ 26 ਜੁਲਾਈ ਨੂੰ ਹਾਈ ਕਮਾਨ ਵੱਲੋਂ ਇਕ ਟਵੀਟ ਕਰਕੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ, ਉਸੇ ਦਿਨ ਤੋਂ 'ਆਪ' 'ਚ ਐਸੀ ਭਸੂੜੀ ਪਈ ਕਿ ਖਹਿਰਾ ਪਾਰਟੀ ਤੋਂ ਬਾਗੀ ਹੋ ਗਏ, ਖਹਿਰਾ ਦੇ ਬਾਗੀ ਹੋਣ ਦੀ ਦੇਰ ਸੀ ਕਿ ਪਾਰਟੀ ਦੇ 7 ਹੋਰ ਵਿਧਾਇਕਾ ਨੇ ਪਾਰਟੀ ਖਿਲਾਫ ਝੰਡਾ ਚੁੱਕ ਲਿਆ।
ਇਸ ਤਰ੍ਹਾਂ ਪਏ ਪੁਆੜੇ
26 ਜੁਲਾਈ ਨੂੰ ਹਾਈਕਮਾਨ ਵਲੋਂ ਟਵੀਟ ਕਰ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਹਟਾਇਆ ਜਾਂਦਾ ਹੈ, ਜਿਸ ਤੋਂ ਬਾਗੀ ਹੋਏ ਖਹਿਰਾ 2 ਅਗਸਤ ਨੂੰ ਬਠਿੰਡਾ 'ਚ ਕਨਵੈਨਸ਼ਨ ਕਰਦੇ ਹਨ, ਜਿਥੇ ਉਹ 6 ਮਤੇ ਪਾਸ ਕਰਦੇ ਹਨ। 25 ਸਤੰਬਰ ਨੂੰ ਖਹਿਰਾ ਧੜੇ ਵਲੋਂ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਹਾਈਕਮਾਨ ਵੀ 3 ਅਕਤੂਬਰ ਨੂੰ 22 ਮੈਂਬਰੀ ਕਮੇਟੀ ਦਾ ਗਠਨ ਕਰਦੀ ਹੈ। 16 ਅਕਤੂਬਰ ਨੂੰ ਸਰਬਜੀਤ ਮਣੂੰਕੇ ਦੀ ਅਗਵਾਈ 'ਚ 'ਆਪ' ਨੇ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਜਿਸ ਤੋਂ ਬਾਅਦ 23 ਅਕਤੂਬਰ ਨੂੰ ਤਾਲਮੇਲ ਕਮੇਟੀ ਵਲੋਂ 14 ਮੈਂਬਰ ਥਾਪੇ ਗਏ। 24 ਅਕਤੂਬਰ ਨੂੰ ਖਹਿਰਾ ਵਲੋਂ ਫੇਸਬੁਕ 'ਤੇ ਲਾਈਵ ਹੋ ਕੇ ਹਾਈਕਮਾਨ ਨੂੰ ਅਲਟੀਮੇਟਮ ਦਿਤਾ ਗਿਆ ਜਿਸ ਤੋਂ ਬਾਅਦ ਦੋਆਬਾ ਜ਼ੋਨ ਦੇ ਸਾਬਕਾ ਇੰਚਾਰਜ ਪਰਮਜੀਤ ਸਚਦੇਵਾ ਵਲੋਂ 26 ਅਕਤੂਬਰ ਨੂੰ ਅਸਤੀਫਾ ਦਿਤਾ ਗਿਆ। ਹਾਈਕਮਾਨ ਵਲੋਂ 30 ਅਕਤੂਬਰ ਨੂੰ ਇਕ ਤਰਫਾ ਐਲਾਨ ਕਰਕੇ ਲੋਕ ਸਭਾ ਲਈ 5 ਉਮੀਦਵਾਰ ਐਲਾਨੇ ਗਏ ਜਿਸ ਤੋਂ ਬਾਅਦ 1 ਨਵੰਬਰ ਨੂੰ ਚੰਡੀਗੜ ਆਏ ਕੇਜਰੀਵਾਲ ਦਾ ਬਿਆਨ ਆਉਂਦਾ ਹੈ ਕਿ ਖਹਿਰਾ ਕੋਈ ਮੁੱਦਾ ਨਹੀਂ। ਅਖੀਰ 'ਚ ਅਨੁਸ਼ਾਸਨ ਭੰਗ ਅਤੇ ਪਾਰਟੀ ਵਿਰੋਧੀ ਕਾਰਵਾਈਆਂ ਦੇ ਆਰੋਪਾਂ ਹੇਠ ਖਹਿਰਾ ਅਤੇ ਸੰਧੂ ਨੂੰ ਪਾਰਟੀ 'ਚੋਂ ਬਰਖਾਸਤ ਕਰਨ ਦਾ ਐਲਾਨ ਕਰ ਦਿੱਤਾ ਗਿਆ।
'ਆਪ' ਦੇ ਖਿਲਾਰੇ ਤੇ ਬੇ-ਉਮੀਦੀ ਵਾਲੀ ਗੱਲ ਇਹ ਵੀ ਹੈ ਕਿ ਕੇਜਰੀਵਾਲ ਨੇ ਪੰਜਾਬ ਇਕਾਈ ਲਈ ਬੇਹੱਦ ਬੇਰੁਖੀ ਅਪਣਾਈ ਜਿਸ ਕਾਰਨ ਅੰਦਰੂਨੀ ਲੜਾਈ ਦਾ ਹੱਲ ਨਾ ਨਿਕਲ ਸਕਿਆ ਅਤੇ ਝਾੜੂ ਖਿਲਰਦਾ ਗਿਆ। ਪੰਜਾਬ ਦੇ ਲੋਕਾਂ ਨੇ 2014 'ਚ ਜਿਸ ਪਾਰਟੀ ਤੋਂ ਇਕ ਉਮੀਦ ਲਗਾਈ ਸੀ ਕਿ ਤੀਜਾ ਬਦਲ ਆਵੇਗ, ਉਹ ਟੁੱਟਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਦੋ ਵੱਡੇ ਚਿਹਰਿਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਹ ਫੈਸਲਾ ਉਦੋਂ ਕੀਤਾ ਗਿਆ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਸਿਰ 'ਤੇ ਹਨ। ਇਨ੍ਹਾਂ ਲੋਕ ਸਭਾ ਚੋਣਾਂ 'ਚ ਕਾਂਗਰਸ ਦਾ ਰਸਤਾ ਤਾਂ ਸਾਫ ਔਂਕੜਾਂ-ਰਹਿਤ ਜਾਪਦਾ ਹੈ ਕਿਉਂਕਿ ਉਧਰ ਅਕਾਲੀ ਦਲ ਵੀ ਪੁਆੜੇ ਪੈਣ ਨਾਲ ਵੰਡਦੀ ਜਾ ਰਹੀ ਹੈ। ਅਜਿਹੇ ਘਟਨਾਕ੍ਰਮ ਵਿਚ 'ਆਪ' ਦਾ ਕੀ ਬਣੇਗਾ ਇਹ 2019 ਦੀਆਂ ਚੋਣਾਂ ਦੇ ਨਤੀਜੇ ਹੀ ਦੱਸਣਗੇ।