ਸਕੂਲ ਫੀਸਾਂ ਤੇ ਬਿਜਲੀ ਬਿੱਲਾਂ ਵਿਰੁੱਧ ਆਮ ਆਦਮੀ ਪਾਰਟੀ ਵਲੋਂ ਪ੍ਰਦਰਸ਼ਨ
Monday, May 25, 2020 - 04:31 PM (IST)
ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) : ਆਮ ਆਦਮੀ ਪਾਰਟੀ ਵਲੋਂ ਸੋਮਵਾਰ ਨੂੰ ਸ਼ਹਿਰ ਦੇ ਅੰਬੇਡਕਰ ਚੌਂਕ ਵਿਖੇ ਸਕੂਲ ਫੀਸਾਂ, ਬਿਜਲੀ ਬਿੱਲਾਂ ਤੇ ਕੇਂਦਰ ਵਲੋ ਆਏ ਰਾਸ਼ਣ ਸਹੀ ਵੰਡ ਨਾ ਕਰਨ ਦੇ ਚੱਲਦੇ ਪ੍ਰਦਰਸ਼ਨ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ਦੀ ਅਗਵਾਈ ਹਲਕਾ ਇੰਚਾਰਜ ਇੰਚਾਰਜ ਮਹਿੰਦਰ ਕਚੂਰਾ ਨੇ ਕੀਤੀ। ਇਸ ਮੌਕੇ 'ਆਪ' ਆਗੂਆਂ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਲੋਕਾਂ ਦੇ ਕਾਰੋਬਾਰ ਬੰਦ ਰਹੇ ਹਨ ਅਤੇ ਹੁਣ ਵੀ ਕਾਰੋਬਾਰ ਮੰਦੇ ਹਨ ਅਜਿਹੇ 'ਚ ਸਕੂਲਾਂ ਵਲੋਂ ਫੀਸਾਂ ਵਸੂਲਣਾ ਅਤੇ ਪੰਜਾਬ ਸਰਕਾਰ ਵਲੋਂ ਫੀਸਾਂ ਵਸੂਲਣ ਨੂੰ ਲੈ ਕੇ ਪ੍ਰਵਾਨਗੀ ਦੇਣਾ ਕਿਧਰੇ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਆਮ ਵਿਅਕਤੀ 'ਤੇ ਪਈ ਆਰਥਿਕ ਮਾਰ ਕਾਰਣ ਉਹ ਬਿਜਲੀ ਦੇ ਬਿੱਲ ਨਹੀਂ ਭਰ ਸਕਦਾ ਇਸ ਲਈ ਸਰਕਾਰ ਨੂੰ ਬਿੱਲ ਲੋੜੀਂਦੇ ਤੇ ਮੱਧ ਵਰਗੀ ਪਰਿਵਾਰਾਂ ਨੂੰ ਮੁਆਫ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ : ਪਤੀ ਨੂੰ ਸਾੜਣ ਦੇ ਦੋਸ਼ਾਂ ਹੇਠ ਨਾਮਜ਼ਦ ਪਤਨੀ ਫਰਾਰ, ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ
ਮਹਿੰਦਰ ਕਚੂਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਕੱਲਿਆਣ ਯੋਜਨਾ ਅਧੀਨ ਜੋ ਰਾਸ਼ਣ ਲੋਕਾਂ ਲਈ ਆਇਆ ਉਹ ਸਹੀ ਹੱਥਾਂ ਤੱਕ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਕਈ ਲੋਕ ਰਾਸ਼ਣ ਤੋਂ ਵਾਂਝੇ ਰਹਿ ਗਏ ਹਨ ਜਦਕਿ ਇਹ ਰਾਸ਼ਨ ਹਲਕੇ ਅੰਦਰ ਵੱਧ ਤੋਂ ਵੱਧ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਤੇ ਬੋਝ ਪਾਉਣ ਦੀ ਬਜਾਏ ਯੋਗ ਨੀਤੀਆਂ ਅਪਨਾਉਣੀਆਂ ਚਾਹੀਦੀਆਂ ਹਨ ਜਿਸ ਨਾਲ ਲੋਕ ਇਸ ਸੰਕਟ ਤੋਂ ਉਭਰ ਸਕਣ। ਇਸ ਧਰਨੇ ਦੌਰਾਨ ਸੁਰਜਨ ਸਿੰਘ ਦੇਹਾਤੀ ਪ੍ਰਧਾਨ, ਸੁਖਦੇਵ ਸਿੰਘ ਯੂਥ ਆਗੂ, ਡਾ. ਸੁਰਿੰਦਰ ਕਚੂਰਾ ਜਿਲਾ ਪ੍ਰਧਾਨ ਐਸਸੀ ਵਿੰਗ, ਰਾਜੂ ਸਰਕਾਰ ਸ਼ਹਿਰੀ ਬਲਾਕ ਪ੍ਰਧਾਨ ਤੇ ਹੋਰ ਆਗੂ ਮੌਜੂਦ ਸਨ।