‘ਆਪ’ ਵੱਲੋਂ ਘੱਟ ਝਾੜ ਤੇ ਬਿਜਲੀ ਸੰਕਟ ਤੋਂ ਧਿਆਨ ਹਟਾਉਣ ਲਈ ਘੜੀ ਗਈ ਪਟਿਆਲਾ ਦੀ ਸਾਜ਼ਿਸ਼ : ਚੰਦੂਮਾਜਰਾ

04/30/2022 5:21:26 PM

ਪਟਿਆਲਾ (ਬਲਜਿੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਟਿਆਲਾ ਵਿਚ ਵਾਪਰੀਆਂ ਸਮੁੱਚੀਆਂ ਘਟਨਾਵਾਂ ਲਈ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਘੱਟ ਕਣਕ ਦਾ ਝਾੜ ਨਿਕਲਣ ਅਤੇ ਬਿਜਲੀ ਦੇ ਸੰਕਟ ਕਾਰਨ ਡਰੀ ਹੋਈ ਸੀ, ਜਿਸ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰ ਨੇ ਇਹ ਸਾਜ਼ਿਸ਼ ਰਚੀ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੂੰ ਇਕ ਹਫਤੇ ਤੋਂ ਪਤਾ ਸੀ ਕਿ ਖ਼ਤਰਨਾਕ ਬਿਆਨਬਾਜ਼ੀ ਹੋ ਰਹੀ ਹੈ ਤਾਂ ਸਰਕਾਰ ਨੇ ਕੋਈ ਐਕਸ਼ਨ ਲੈਣ ਜਾਂ ਫਿਰ ਬੈਠ ਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਅਤੇ ਬੜੀ ਅਸਾਨੀ ਨਾਲ ਘਟਨਾਵਾਂ ਨੂੰ ਹੋਣ ਦਿੱਤਾ ਗਿਆ। ਇੰਨਾ ਹੀ ਨਹੀਂ ਜਦੋਂ ਘਟਨਾਵਾਂ ਵਾਪਰ ਗਈਆਂ ਫਿਰ ਵੀ ਨਾ ਤਾਂ ਮੁੱਖ ਮੰਤਰੀ ਸਾਹਿਬ ਖੁਦ ਉਥੇ ਆਏ ਅਤੇ ਨਾ ਹੀ ਆਪਣਾ ਕੋਈ ਵਜ਼ੀਰ ਭੇਜਿਆ, ਜਿਹੜਾ ਕਿ ਸਾਰੀਆਂ ਧਿਰਾ ਨੂੰ ਬਿਠਾ ਕੇ ਮਾਮਲੇ ਨੂੰ ਸ਼ਾਂਤ ਕਰ ਸਕਦਾ ਸੀ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਥੇ ਹੀ ਬਸ ਨਹੀਂ ਸਰਕਾਰ ਦੇ ਨੁੰਮਾਇੰਦਿਆਂ ਵੱਲੋਂ ਸ਼ਾਂਤੀ ਬਹਾਲੀ ਦੀ ਕੋਸ਼ਿਸ਼ ਦੀ ਬਜਾਏ ਅਤੇ ਆਪਣੀ ਨਾਲਾਇਕੀ ਛੁਪਾਉਣ ਲਈ ਰਾਘਵ ਚੱਢਾ ਨੇ ਇਸ ਲਈ ਅਕਾਲੀ ਦਲ ਅਤੇ ਕਾਂਗਰਸ ਜ਼ਿੰਮੇਵਾਰ ਠਹਿਰਾ ਦਿੱਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਸ਼ਿਵ ਸੈਨਾ ਨੂੰ ਜ਼ਿੰਮੇਵਾਰ ਠਹਿਰਾ ਕੇ ਸੱਤਾਧਾਰੀ ਧਿਰ ਦਾ ਰੋਲ ਨਿਭਾਉਣ ਦੀ ਬਜਾਏ ਵਿਰੋਧੀ ਧਿਰ ਵਾਲੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਪੁਲਸ ਅਫਸਰ ਬਦਲ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।

ਚੰਦੂਮਾਜਰਾ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ ਆਮ ਆਦਮੀ ਪਾਰਟੀ ਭਵਿੱਖ ਵਿਚ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਵੀ ਅਜਿਹੀ ਸਾਜ਼ਿਸ਼ ਰਚ ਸਕਦੀ ਹੈ ਤਾਂ ਕਿ ਲੋਕਾਂ ਦਾ ਅਸਲੀ ਮੁੱਦਿਆਂ ਤੋਂ ਧਿਆਨ ਭਟਕ ਸਕੇ ਅਤੇ ਆਪਸੀ ਭਾਈਚਾਰਕ ਖਟਾਸ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਸ਼ਾਂਤੀ ਬਹਾਲੀ ਦੀ ਬੀਤੇ ਕੱਲ੍ਹ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਕਾਲੀ ਦਲ ਅਗਲੇ ਹਫਤੇ ਘੱਟ ਗਿਣਤੀ ਨਾਲ ਸੰਬੰਧਿਤ ਧਾਰਮਿਕ ਸੰਸਥਾਵਾਂ ਦਾ ਇਕ ਵਫਦ ਲੈ ਕੇ ਕੇਂਦਰੀ ਘੱਟ ਗਿਣਤੀ ਕਮਿਸ਼ਨ ਨੂੰ ਮਿਲੇਗਾ ਅਤੇ ਸਮੁੱਚੀ ਰਿਪੋਰਟ ਪੇਸ਼ ਕਰੇਗਾ। ਉਨ੍ਹਾਂ ਪਟਿਆਲਾ ਦੇ ਲੋਕਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਰਚੀ ਸਾਜ਼ਿਸ਼ ਦੇ ਬਾਵਜੂਦ ਵੀ ਸਬਰ ਤੋਂ ਕੰਮ ਲਿਆ ਅਤੇ ਆਪਸੀ ਭਾਈਚਾਰੇ ਵਿਚ ਕੋਈ ਵਿਗਾੜ ਨਹੀਂ ਪਾਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸਿਮਰਨਜੀਤ ਸਿੰਘ ਚੰਦੂਮਾਜਰਾ, ਦਵਿੰਦਰਪਾਲ ਸਿੰਘ ਭੋਲਾ ਚੱਢਾ, ਸੁਖਵਿੰਦਰਪਾਲ ਸਿੰਘ ਮਿੰਟਾ, ਸੁਖਬੀਰ ਸਿੰਘ ਅਬਲੋਵਾਲ, ਜਸਵਿੰਦਰਪਾਲ ਸਿੰਘ ਚੱਢਾ, ਪਲਵਿੰਦਰ ਸਿੰਘ ਰਿੰਕੂ, ਜਤਿੰਦਰ ਸਿੰਘ ਪਹਾੜੀਪੁਰ, ਹਰਪਾਲ ਸਿੰਘ ਹੈਰੀ, ਗੁਰਵਿੰਦਰ ਸਿੰਘ ਮਿੱਠੂ ਮਾਜਰਾ, ਸੈਬੀ ਚੱਢਾ,ਰੈਬੀ ਚੱਢਾ, ਜਸਨ ਚੱਢਾ, ਅਮਨ ਸਿੰਘ ਢੋਟ ਆਦਿ ਵੀ ਹਾਜ਼ਰ ਸਨ।


Gurminder Singh

Content Editor

Related News