ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬੀ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ : ਚੰਦੂਮਾਜਰਾ
Sunday, Sep 04, 2022 - 02:38 PM (IST)
ਧਰਮਕੋਟ (ਸਤੀਸ਼) : ਪੰਜਾਬ ਪੂਰੀ ਤਰ੍ਹਾਂ ਲਾਵਾਰਿਸ ਹੋ ਗਿਆ ਹੈ ਅਤੇ ਇਸ ਦਾ ਕੋਈ ਵੀ ਵਾਲੀ ਵਾਰਸ ਨਹੀਂ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬੀ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿਉਂਕਿ ਪੰਜਾਬ ਵਿਚ ਅੱਜ ਗੈਰ ਪੰਜਾਬੀਆਂ ਦਾ ਰਾਜ ਹੈ, ਇਹ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਫਤਵੇਂ ਨਾਲ ਦੇਸ਼ ਧ੍ਰੋਹ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਚਲਾਕੀ ਨਾਲ ਪੰਜਾਬ ’ਤੇ ਕਬਜ਼ਾ ਕਰ ਲਿਆ ਹੈ, ਉਕਤ ਸ਼ਬਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸੀਨੀਅਰ ਅਕਾਲੀ ਆਗੂ ਨੇ ਸ਼ਨੀਵਾਰ ਨੂੰ ਗੁਰਦਿਆਲ ਸਿੰਘ ਬੁੱਟਰ ਸੀਨੀਅਰ ਅਕਾਲੀ ਆਗੂ ਦੇ ਦਫਤਰ ਵਿਖੇ ਗੱਲਬਾਤ ਦੌਰਾਨ ਕਹੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ਵੱਲੋਂ ਪੰਜਾਬ ਦੇ ਹੱਕ ਖੋਹੇ ਜਾ ਰਹੇ ਹਨ ਪਰ ਸੂਬੇ ਦੇ ਮੁੱਖ ਮੰਤਰੀ ਇਕ ਬਿਆਨ ਦੇਣ ਤੋਂ ਸਿਵਾ ਕੁਝ ਨਹੀਂ ਕਰ ਰਿਹਾ ਅਤੇ ਆਏ ਦਿਨ ਪੰਜਾਬ ਦੇ ਅਧਿਕਾਰ ਖੋਹੇ ਜਾ ਰਹੇ ਹਨ, ਜਦੋਂ ਕਿ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਅਤੇ ਫੋਕੇ ਲਾਰੇ ਲਾ ਕੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਥੋੜ੍ਹੇ ਜਿਹੇ ਕਾਰਜਕਾਲ ਤੋਂ ਹੀ ਪੰਜਾਬ ਦੇ ਲੋਕ ਦੁਖੀ ਹੋ ਚੁੱਕੇ ਹਨ, ਕਿਉਂਕਿ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਅਤੇ ਨਾ ਹੀ ਕੋਈ ਰਾਹਤ ਪ੍ਰਦਾਨ ਕੀਤੀ ਹੈ।
ਇਸ ਸਰਕਾਰ ਕੋਲ ਪੰਜਾਬ ਦੇ ਬਿਹਤਰ ਭਵਿੱਖ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਯੋਜਨਾ ਨਹੀਂ ਹੈ ਅਤੇ ਇਸ ਸਰਕਾਰ ਤੋਂ ਪੰਜਾਬ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤੇਰ੍ਹਾਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਸੂਬਿਆਂ ਨੂੰ ਵੱਧ ਅਧਿਕਾਰ ਦਿਵਾਉਣ ਮਜ਼ਬੂਤ ਸੰਘੀ ਢਾਂਚਾ ਬਣਾਉਣ ਪੰਜਾਬ ਪੰਜਾਬੀਆਂ ਦੇ ਰਾਖੇ ਦੇ ਤੌਰ ’ਤੇ ਅਤੇ ਪੰਥਕ ਹਿੱਤਾਂ ਦੇ ਪਹਿਰੇਦਾਰ ਦੇ ਤੌਰ ’ਤੇ ਆਪਣੀ ਪਹਿਚਾਣ ਰੱਖਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਅਕਸ ਨੂੰ ਲੱਗੇ ਖੋਰੇ ਨੂੰ ਦੂਰ ਕਰਨ ਲਈ ਪਾਰਟੀ ਵੱਲੋਂ ਨਵੇਂ ਸਿਰੇ ਤੋਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਗਾਈਡਲਾਈਨਾਂ ਦੇ ਮੁਤਾਬਿਕ ਕਿ ਜਥੇਬੰਦਕ ਚੋਣਾਂ ਕਰਵਾਈਆਂ ਜਾਣਗੀਆਂ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ। ਇਸ ਮੌਕੇ ਉਨ੍ਹਾਂ ਨਾਲ ਗੁਰਦਿਆਲ ਸਿੰਘ ਬੁੱਟਰ ਸੀਨੀਅਰ ਅਕਾਲੀ ਆਗੂ, ਪਰਮਜੀਤ ਸਿੰਘ ਟਰਾਂਸਪੋਰਟ ਵਿੰਗ ਪੰਜਾਬ ਸ਼੍ਰੋਮਣੀ ਅਕਾਲੀ ਦਲ, ਗੁਰਪ੍ਰੀਤ ਸਿੰਘ ਰਾਏਪੁਰ, ਜਗਜੀਤ ਸਿੰਘ ਕੋਹਲੀ ਰਾਏਪੁਰ ਤੋਂ ਇਲਾਵਾ ਹੋਰ ਹਾਜ਼ਰ ਸਨ।