ਆਮ ਆਦਮੀ ਪਾਰਟੀ ਦੇ ਪੋਸਟਰ ''ਚ ਨਜ਼ਰ ਆਏ ਕੈਬਨਿਟ ਮੰਤਰੀ ਧਰਮਸੌਤ
Wednesday, Sep 19, 2018 - 05:55 PM (IST)

ਲੁਧਿਆਣਾ : ਲੁਧਿਆਣਾ ਜ਼ਿਲੇ ਦੇ ਪਾਇਲ ਵਿਧਾਨ ਸਭਾ ਹਲਕੇ ਦੀ ਕੱਦੋ ਜ਼ਿਲਾ ਪ੍ਰੀਸ਼ਦ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਦਾ ਇਕ ਪੋਸਟਰ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪੋਸਟਰ 'ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਸਾਂਸਦ ਭਗਵੰਤ ਮਾਨ, ਵਿਧਾਇਕ ਐੱਚ. ਐੱਸ. ਫੂਲਕਾ, ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਵਿਧਾਇਕ ਬਲਜਿੰਦਰ ਕੌਰ ਦੇ ਨਾਲ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਤਸਵੀਰ ਦਿਖਾਈ ਦੇ ਰਹੀ ਹੈ।
ਉਧਰ, ਇਸ ਮਾਮਲੇ 'ਤੇ ਸਫਾਈ ਦਿੰਦੇ ਹੋਏ ਉਮੀਦਵਾਰ ਸੁਖਜਿੰਦਰ ਕੌਰ ਦੇ ਪਤੀ ਸਿਮਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੋਸਟਰ ਛਾਪਣ ਵਾਲੇ ਨੂੰ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਪ੍ਰੋ. ਸਾਧੂ ਸਿੰਘ ਦੀ ਤਸਵੀਰ ਛਾਪਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਤਸਵੀਰ ਛਾਪ ਦਿੱਤੀ। ਇੰਨੇ ਜ਼ਿਆਦਾ ਪੋਸਟਰਾਂ 'ਤੇ ਇਕ ਤਸਵੀਰ ਨੂੰ ਢਕਣਾ ਸੰਭਵ ਨਹੀਂ ਸੀ। ਇਸ ਲਈ ਪੋਸਟਰ ਇਸ ਤਰ੍ਹਾਂ ਹੀ ਲਗਾ ਦਿੱਤੇ ਗਏ।