ਲੋਕ ਸਭਾ ਚੋਣਾਂ ਅਤੇ ਬਿਜਲੀ ਅੰਦੋਲਨ ਸਬੰਧੀ ''ਆਪ'' ਨੇ ਕੀਤੀ ਲੰਬੀ ਬੈਠਕ
Tuesday, Jun 11, 2019 - 09:39 AM (IST)
ਚੰਡੀਗੜ੍ਹ (ਰਮਨਜੀਤ)—ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੋਮਵਾਰ ਨੂੰ ਲੋਕ ਸਭਾ ਚੋਣਾਂ ਬਾਰੇ ਮੰਥਨ ਕਰਨ ਦੇ ਨਾਲ-ਨਾਲ ਮਹਿੰਗੀ ਬਿਜਲੀ ਅਤੇ ਘਟੀਆ ਸਿਹਤ ਅਤੇ ਸਿੱਖਿਆ ਸੇਵਾਵਾਂ ਵਰਗੇ ਮੁੱਦਿਆਂ ਅਤੇ ਵਾਰ-ਵਾਰ ਮਹਿੰਗੀ ਕੀਤੀ ਜਾ ਰਹੀ ਬਿਜਲੀ ਦੇ ਵਿਰੋਧ 'ਚ ਸੂਬਾ ਪੱਧਰੀ 'ਬਿਜਲੀ ਅੰਦੋਲਨ' ਵਿੱਢਣ ਬਾਰੇ ਚਰਚਾ ਕੀਤੀ। ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਇਹ ਬੈਠਕ ਕਈ ਘੰਟੇ ਚੱਲੀ। ਬੈਠਕ 'ਚ ਕੋਰ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਕੋਲੋਂ ਇਕ-ਇਕ ਕਰਕੇ ਚੋਣਾਂ ਸਬੰਧੀ ਫੀਡਬੈਕ ਅਤੇ ਸੁਝਾਅ ਲਏ ਤਾਂ ਕਿ ਭਵਿੱਖ 'ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਰਪੇਸ਼ ਕਮੀਆਂ ਨੂੰ ਦੂਰ ਕੀਤਾ ਜਾ ਸਕੇ।
ਬੈਠਕ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਅਤੇ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਛੇਤੀ ਹੀ 'ਬਿਜਲੀ ਅੰਦੋਲਨ' ਦੀ ਰੂਪ ਰੇਖਾ ਐਲਾਨ ਦਿੱਤੀ ਜਾਵੇਗੀ ਅਤੇ ਸਰਕਾਰ ਨੂੰ ਬਿਜਲੀ ਦੇ ਵਾਰ-ਵਾਰ ਵਧਾਏ ਜਾ ਰਹੇ ਰੇਟ ਘੱਟ ਕਰਨ ਲਈ ਮਜਬੂਰ ਕੀਤਾ ਜਾਵੇਗਾ। ਇਕ ਸਵਾਲ ਦੇ ਜਵਾਬ 'ਚ ਚੀਮਾ ਨੇ ਨਵੇਂ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਬਿਜਲੀ ਮੰਤਰਾਲੇ ਦਾ ਕਾਰਜਭਾਰ ਸੰਭਾਲ ਕੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਦੇਣ ਅਤੇ ਕਾਂਗਰਸ ਖ਼ਾਸ ਕਰਕੇ ਕੈਪਟਨ ਅਮਰਿੰਦਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤਾ ਗਿਆ ਉਹ ਵਾਅਦਾ ਪੂਰਾ ਕਰਨ ਜਿਸ 'ਚ ਪਿਛਲੀ ਬਾਦਲ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਕੇ ਨਿੱਜੀ ਕੰਪਨੀਆਂ ਨਾਲ ਕੀਤੇ ਗਏ ਪੰਜਾਬ ਅਤੇ ਲੋਕ ਮਾਰੂ ਮਹਿੰਗੇ ਬਿਜਲੀ ਖ਼ਰੀਦ ਸਮਝੌਤੇ ਸਰਕਾਰ ਬਣਨ 'ਤੇ ਤੁਰੰਤ ਰੱਦ ਕਰਨ ਦੇ ਵਚਨ ਦਿੱਤੇ ਗਏ ਸਨ। ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਅਤੇ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਵਾਅਦਾ ਪੂਰਾ ਕਰਨ ਦਾ ਸੁਨਹਿਰਾ ਮੌਕਾ ਮਿਲਿਆ ਹੈ। ਚੀਮਾ ਨੇ ਕਿਹਾ ਕਿ ਕੋਰ ਕਮੇਟੀ ਦੀ ਚਰਚਾ ਤੇ ਉਮੀਦਵਾਰਾਂ ਦੀ ਫੀਡਬੈਕ 'ਤੇ ਆਧਾਰਿਤ ਇਕ ਵਿਸਥਾਰ ਰਿਵਿਊ ਰਿਪੋਰਟ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਰਾਹੀਂ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੌਂਪੀ ਜਾਵੇਗੀ। ਪਾਰਟੀ ਨੂੰ ਬੂਥ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਨਵੇਂ ਜੋਸ਼ ਨਾਲ ਮਜ਼ਬੂਤ ਕੀਤਾ ਜਾਵੇਗਾ। ਚੀਮਾ ਨੇ ਸਪੱਸ਼ਟ ਕੀਤਾ ਕਿ ਪਾਰਟੀ ਦਾ ਢਾਂਚਾ ਭੰਗ ਨਹੀਂ ਕੀਤਾ ਜਾਵੇਗਾ ਬਲਕਿ ਇਸ 'ਚ ਹੋਰ ਅਹੁਦੇਦਾਰਾਂ ਨੂੰ ਜੋੜ ਕੇ ਵਧੇਰੇ ਮਜ਼ਬੂਤ ਕੀਤਾ ਜਾਵੇਗਾ।