ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਫਾੜੀਆਂ ‘ਆਪ’ ਆਗੂ ਚੱਠਾ ਦੀਆਂ ਸੈਂਕੜੇ ਫਲੈਕਸਾਂ

07/20/2021 11:21:32 AM

ਧੂਰੀ (ਅਸ਼ਵਨੀ): ਬੀਤੀ ਰਾਤ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਸਤਿੰਦਰ ਸਿੰਘ ਚੱਠਾ ਵੱਲੋਂ ਹਲਕੇ ਦੇ ਅਨੇਕਾਂ ਪਿੰਡਾਂ ਅਤੇ ਧੂਰੀ ਸ਼ਹਿਰ ’ਚ ਲਾਈਆਂ ਗਈਆਂ ਸੈਂਕੜੇ ਵੱਡ ਅਕਾਰੀ ਫਲੈਕਸਾਂ ਨੂੰ ਫਾੜ ਦਿੱਤਾ ਗਿਆ ਹੈ। ਇਨ੍ਹਾਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੀਆਂ ਤਸਵੀਰਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈਆਂ ਹਨ ਪਰ ਰਾਤ ਦੇ ਹਨੇਰੇ ਕਾਰਨ ਇਨ੍ਹਾਂ ਵਿਅਕਤੀਆਂ ਦੀ ਪਛਾਣ ਕਰਨ ’ਚ ਦਿਕੱਤ ਆ ਰਹੀ ਹੈ। ਇਸ ਦੇ ਬਾਵਜੂਦ ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਵਿਅਕਤੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਸਵੀਰਾਂ ’ਤੇ ਵੱਖ-ਵੱਖ ਸਮੇਂ ਦੌਰਾਨ ਫਾੜੀਆਂ ਗਈਆਂ ਫਲੈਕਸਾਂ ਤੋਂ ਇਹ ਗੱਲ ਵੀ ਸਪੱਸ਼ਟ ਹੋ ਗਈ ਹੈ ਕਿ ਇਹ ਕੰਮ ਪੂਰੀ ਰਾਤ ਮੋਟਰਸਾਈਕਲ ’ਤੇ ਫਿਰ ਕੇ ਕੁਝ ਲੋਕਾਂ ਵੱਲੋਂ ਕੀਤਾ ਗਿਆ ਹੈ, ਜਿਸ ਤੋਂ ਸਿਆਸੀ ਰੰਜਿਸ਼ ਦੀ ਬੋਅ ਆਉਂਦੀ ਹੈ।

ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਆਪਣੀ ਵਿਧਵਾ ਮਾਂ ਦਾ ਸੀ ਲਾਡਲਾ

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ, ਵਿਧਾਇਕ ਮੀਤ ਹੇਅਰ ਬਰਨਾਲਾ, ਵਿਧਾਇਕ ਅਮਨ ਅਰੋੜਾ ਸੁਨਾਮ ਅਤੇ ਦੇਵ ਮਾਨ ਨਾਭਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਘਟੀਆ ਸਿਆਸਤ ਕਰਨ ਵਾਲੇ ਲੋਕਾਂ ਨੇ ਅਜਿਹਾ ਕਰਕੇ ਆਪਣੀ ਕਮਜ਼ੋਰ ਮਾਨਸਿਕਤਾ ਦਾ ਸਬੂਤ ਦੇ ਦਿੱਤਾ ਹੈ ਅਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਦੇ ਲੀਡਰ ਬੋਖਲਾ ਗਏ ਹਨ।ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਤਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਲਕਾ ਧੂਰੀ ਦੇ ਅਨੇਕਾਂ ਪਿੰਡਾਂ ’ਚ ਆਮ ਆਦਮੀ ਪਾਰਟੀ ਦੇ ਹੱਕ ’ਚ ਪ੍ਰਚਾਰ ਕਰਨ ਲਈ ਫਲੈਕਸਾਂ ਲਗਵਾਈਆਂ ਗਈਆਂ ਸਨ ਜੋ ਸ਼ਾਇਦ ਉਨ੍ਹਾਂ ਦੇ ਸਿਆਸੀ ਵਿਰੋਧੀ ਆਗੂਆਂ ਨੂੰ ਚੰਗੀਆਂ ਨਹੀਂ ਲੱਗੀਆਂ ਅਤੇ ਆਮ ਆਦਮੀ ਪਾਰਟੀ ਦੀ ਦਿਨੋਂ-ਦਿਨ ਵੱਧ ਰਹੀ ਲੋਕਪ੍ਰਿਯਤਾ ਦੇ ਕਾਰਨ ਉਸ ਦੀਆਂ 150 ਦੇ ਕਰੀਬ ਵੱਡੀਆਂ ਫਲੈਕਸਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਦੀ ਬਾਜ਼ਾਰੀ ਕੀਮਤ ਤਕਰੀਬਨ ਡੇਢ ਲੱਖ ਰੁਪਏ ਬਣਦੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਿਰ ‘ਪ੍ਰਧਾਨਗੀ’ ਦਾ ਤਾਜ ਸਜਣ ਮਗਰੋਂ ਧਰਮਕੋਟ ਹਲਕੇ ’ਚ ਕਾਂਗਰਸ ਦੇ ਪੱਖ ’ਚ ਝੁੱਲਣ ਲੱਗੀ ਹਨੇਰੀ

ਉਨ੍ਹਾਂ ਦੱਸਿਆ ਕਿ ਰਾਤ ਦੇ ਹਨੇਰੇ ’ਚ ਫਲੈਕਸਾਂ ਪਾੜਦੇ ਮੋਟਰਸਾਈਕਲ ਸਵਾਰਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ ਹਨ ਅਤੇ ਦੋਸ਼ੀਆਂ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਉਨ੍ਹਾਂ ਵੱਲੋਂ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕਰ ਕੇ ਪੁਲਸ ਦੇ ਉਚ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਲਈ ਮਿਲਣਗੇ।ਇਸ ਮੌਕੇ ਅਮਰਦੀਪ ਧਾਂਦਰਾ, ਰਾਜਵੰਤ ਘੁੱਲੀ, ਡਾ. ਅਨਵਰ ਭਸੌੜ, ਪੁੰਨੂੰ ਕਾਤਰੋ, ਪ੍ਰੀਤ ਧੂਰੀ, ਬਿੱਕਰ ਸਿੰਘ, ਨਰੇਸ਼ ਅੱਗਰਵਾਲ, ਅਨਿਲ ਮਿੱਤਲ ਅਤੇ ਮਾ. ਰਮੇਸ਼ ਸ਼ਰਮਾ ਆਦਿ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਵਿਚ ਨਵਜੋਤ ਸਿੱਧੂ ਦਾ ਪਹਿਲਾ ‘ਛੱਕਾ’

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Shyna

Content Editor

Related News