ਸਭ ਤੋਂ ਪਹਿਲਾਂ ਅਮਰਿੰਦਰ ਸਿੰਘ ''ਤੇ ਦਰਜ ਹੋਣ ਕਤਲਾਂ ਦੇ ਮਾਮਲੇ : ਭਗਵੰਤ ਮਾਨ
Friday, Aug 07, 2020 - 06:33 PM (IST)
ਪਟਿਆਲਾ (ਪਰਮੀਤ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੰਗ ਕੀਤੀ ਹੈ ਕਿ ਮਾਝੇ ਦੇ ਤਿੰਨ ਜ਼ਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਇਆ ਲਗਭਗ ਸਵਾ 100 ਮੌਤਾਂ ਦੇ ਮਾਮਲੇ ਵਿਚ ਸਭ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਕਤਲਾਂ ਦੇ ਮਾਮਲੇ ਦਰਜ ਹੋਣੇ ਚਾਹੀਦੇ ਹਨ ਕਿਉਂਕਿ ਬਤੌਰ ਮੁੱਖ ਮੰਤਰੀ ਆਬਕਾਰੀ ਅਤੇ ਗ੍ਰਹਿ ਮੰਤਰੀ 'ਰਾਜਾ' ਹੀ ਇਸ ਸੰਗਠਨਾਤਮਕ ਅਪਰਾਧ ਲਈ ਸਭ ਤੋਂ ਵੱਡਾ ਦੋਸ਼ੀ ਸਾਬਤ ਹੋ ਰਿਹਾ ਹੈ, ਫਿਰ ਕਤਲ ਦੇ ਕੇਸ ਦਰਜ ਕਰਨ ਦੀ ਸ਼ੁਰੂਆਤ ਅਮਰਿੰਦਰ ਸਿੰਘ ਤੋਂ ਕਿਉਂ ਨਹੀਂ ਹੋਣੀ ਚਾਹੀਦੀ? ਵੀਰਵਾਰ ਨੂੰ ਸ਼ਾਹੀ ਸ਼ਹਿਰ (ਪਟਿਆਲਾ) ਵਿਚ ਆ ਕੇ ਪ੍ਰੈੱਸ ਕਾਨਫ਼ਰੰਸ ਰਾਹੀਂ ਭਗਵੰਤ ਮਾਨ ਨੇ ਮੁੱਖ ਮੰਤਰੀ ਅਤੇ ਕਾਂਗਰਸੀ ਵਜ਼ੀਰਾਂ-ਵਿਧਾਇਕਾਂ 'ਤੇ ਹਮਲਾ ਬੋਲਿਆ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਮੁੱਖ ਮੰਤਰੀ ਨੂੰ 'ਕੈਪਟਨ' ਕਹਿ ਕੇ ਸੰਬੋਧਿਤ ਨਹੀਂ ਹੋਵੇਗੀ। ਮਾਨ ਮੁਤਾਬਿਕ 'ਭਾਰਤੀ ਫ਼ੌਜ ਤੋਂ ਲੈ ਕੇ ਪੇਂਡੂ-ਸ਼ਹਿਰੀ ਸਮਾਜ ਅਤੇ ਸਭਿਆਚਾਰ 'ਚ ਕੈਪਟਨ (ਕਪਤਾਨ) ਇਕ ਬੇਹੱਦ ਸਨਮਾਨਯੋਗ ਸ਼ਬਦ ਹੈ, ਪਰ ਅਮਰਿੰਦਰ ਸਿੰਘ ਇਸ ਸੱਚੇ-ਸੁੱਚੇ ਸ਼ਬਦ ਦੀ ਲਾਜ ਰੱਖਣ 'ਚ ਬੁਰੀ ਤਰ੍ਹਾਂ ਫਲਾਪ ਹੋਏ ਹਨ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ
ਜਮਹੂਰੀਅਤ ਵੱਲੋਂ ਇੰਨਾ ਵੱਡਾ ਮਾਣ-ਸਨਮਾਨ ਮਿਲਣ ਦੇ ਬਾਵਜੂਦ ਅਮਰਿੰਦਰ ਸਿੰਘ ਆਪਣੀ ਰਾਜਿਆਂ ਵਾਲੀ ਅੱਯਾਸ਼ ਅਤੇ ਆਰਾਮ ਪਸੰਦ ਜੀਵਨ ਸ਼ੈਲੀ ਬਦਲ ਨਹੀਂ ਸਕੇ। ਜ਼ਹੀਨ ਅਤੇ ਜਾਂਬਾਜ ਟੀਮ ਲੀਡਰ ਦੇ ਪ੍ਰਤੀਕ 'ਕੈਪਟਨ' ਸ਼ਬਦ ਨੂੰ ਅਮਰਿੰਦਰ ਸਿੰਘ ਲਈ ਵਰਤ ਕੇ ਹੋਰ ਬੇਇੱਜ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਯੁੱਧਾਂ, ਸੰਕਟਾਂ ਅਤੇ ਚੁਣੌਤੀ ਭਰੇ ਸਮਿਆਂ ਦੌਰਾਨ ਮੈਦਾਨ-ਏ-ਜੰਗ ਵਿਚ 'ਕੈਪਟਨ' ਖ਼ੁਦ ਅਗਵਾਈ ਕਰਦੇ ਹਨ ਨਾ ਕਿ ਫਾਰਮ ਹਾਊਸ ਦੇ ਆਲੀਸ਼ਾਨ 'ਘੋਰਨਿਆਂ' 'ਚ ਮਹਿਫ਼ਲਾਂ ਸਜਾਉਂਦੇ ਹਨ? ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਜ਼ਹਿਰੀਲੀ ਸ਼ਰਾਬ ਦੇ ਇੰਨੇ ਵੱਡੇ ਕਹਿਰ ਦੇ ਬਾਵਜੂਦ ਜਿਹੜਾ ਮੁੱਖ ਮੰਤਰੀ ਆਪਣੇ ਘੋਰਨੇ (ਫਾਰਮ ਹਾਊਸ) 'ਚੋਂ ਨਹੀਂ ਨਿਕਲਿਆ, ਉਹ ਖ਼ੁਦ ਨੂੰ ਕਿਹੜੇ ਮੂੰਹ 'ਕੈਪਟਨ' ਕਹਾ ਸਕਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਤਲਵਾਰਾਂ ਨਾਲ ਵੱਢਿਆ ਐੱਸ. ਐੱਚ. ਓ.
ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਕਤਲ ਦੇ ਮਾਮਲੇ ਦਰਜ ਕੀਤੇ ਜਾਣ। ਇਹ ਪਿਛਲੇ 15 ਸਾਲਾਂ ਤੋਂ ਚੱਲਿਆ ਆ ਰਿਹਾ ਆਰਗੇਨਾਈਜ਼ਡ (ਸੰਗਠਨਾਤਮਕ) ਮਾਫ਼ੀਆ ਹੈ। ਬਾਦਲਾਂ ਦੇ ਰਾਜ 'ਚ ਮੁੱਖ ਵਾਗਡੋਰ ਅਕਾਲੀ-ਭਾਜਪਾ ਵਿਧਾਇਕਾਂ ਰਾਹੀਂ ਬਾਦਲਾਂ ਕੋਲ ਸੀ, ਹੁਣ ਕਾਂਗਰਸੀ ਵਿਧਾਇਕਾਂ-ਵਜ਼ੀਰਾਂ ਰਾਹੀਂ ਰਾਜੇ ਕੋਲ ਹੈ। ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ (ਗੁਰਦਾਸਪੁਰ) 'ਚ ਫੈਲੇ ਜ਼ਹਿਰੀਲੇ ਸ਼ਰਾਬ ਦੀਆਂ ਤੰਦਾਂ-ਤਾਰਾਂ ਰਾਜਪੁਰਾ, ਘਨੌਰ ਅਤੇ ਖੰਨਾ ਦੀਆਂ ਨਜਾਇਜ਼ ਸ਼ਰਾਬ ਫ਼ੈਕਟਰੀਆਂ ਨਾਲ ਜੁੜਨਾ ਸਾਬਤ ਕਰਦਾ ਹੈ ਕਿ ਰਾਜੇ ਅਤੇ ਰਾਣੀ (ਪਰਨੀਤ ਕੌਰ) ਦੇ ਕਰੀਬੀ ਇਸ ਮੌਤ ਦੇ ਧੰਦੇ 'ਚ ਕਿੰਨਾ ਡੂੰਘੇ ਉੱਤਰੇ ਹੋਏ ਹਨ। ਇਸ ਲਈ ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ ਦੀ ਹਾਈਕੋਰਟ ਦੇ ਮੌਜੂਦਾ ਜੱਜ ਜਾਂ ਸੀਬੀਆਈ ਤੋਂ ਸਮਾਂਬੱਧ ਜਾਂਚ ਦੀ ਮੰਗ ਕਰਦੀ ਹੈ।