ਖੇਤਾਂ ਚ ਕੰਮ ਕਰਦੇ 19 ਸਾਲਾ ਇਕਲੌਤੇ ਮੁੰਡੇ 'ਤੇ ਪਲਟਿਆ ਟਰੈਕਟਰ, ਪਰਿਵਾਰ ਦਾ ਰੋ-ਰੋ ਬੁਰਾ ਹਾਲ

Wednesday, Oct 09, 2024 - 08:06 PM (IST)

ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਦਰੀਏ ਵਾਲ ਵਿਖੇ ਅੱਜ ਦੁਪਹਿਰੇ ਇੱਕ ਨੌਜਵਾਨ ਦੀ ਖੇਤਾਂ 'ਚ ਕੰਮ ਕਰਦਿਆਂ ਅਚਾਨਕ ਟਰੈਕਟਰ ਪਲਟਣ ਨਾਲ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ। ਨੌਜਵਾਨ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਸਕਰਨਪ੍ਰੀਤ ਸਿੰਘ ਪੁੱਤਰ ਸਵ.ਪਰਮਜੀਤ ਸਿੰਘ ਆਪਣੇ ਖੇਤਾਂ ਵਿੱਚ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਵਾ ਰਿਹਾ ਸੀ ਤਾਂ ਟਰੈਕਟਰ ਮਗਰ ਟਰਾਲੀ ਪਾ ਕੇ ਉਹ ਖੇਤਾਂ 'ਚ ਝੋਨਾ ਲੱਦਣ ਲਈ ਆਇਆ, ਜਿਸ ਦੌਰਾਨ ਟਰੈਕਟਰ ਬੇਕਾਬੂ ਹੋ ਕੇ ਅਚਾਨਕ ਪਲਟ ਗਿਆ ਅਤੇ ਜਸਕਰਨਪ੍ਰੀਤ ਸਿੰਘ ਉਸ ਦੇ ਹੇਠਾਂ ਆ ਗਿਆ। ਆਲੇ ਦੁਆਲੇ ਦੇ ਕਿਸਾਨਾਂ ਨੇ 20 ਮਿੰਟ ਦੀ ਜੱਦੋ ਜਹਿਦ ਉਪਰੰਤ ਜਸਕਰਨ ਸਿੰਘ ਨੂੰ ਟਰੈਕਟਰ ਹੇਠੋਂ ਕੱਢਿਆ ਅਤੇ ਤੁਰੰਤ ਸੁਲਤਾਨਪੁਰ ਲੋਧੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਨੌਜਵਾਨ ਕਿਸਾਨ ਜਸਕਰਨਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। 

ਦੱਸ ਦਈਏ ਕਿ 19 ਸਾਲਾ ਨੌਜਵਾਨ ਜਸਕਰਨ ਸਿੰਘ ਦੇ ਪਿਤਾ ਦੀ 11 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਘਰ 'ਚ ਆਪਣੀ ਦਾਦੀ, ਮਾਤਾ ਅਤੇ ਭੈਣ ਨਾਲ ਰਹਿੰਦਾ ਸੀ ਅਤੇ ਪਰਿਵਾਰ ਦਾ ਇੱਕ ਇਕਲੌਤਾ ਸਹਾਰਾ ਸੀ। ਨੌਜਵਾਨ ਕਿਸਾਨ ਜਸਕਰਨਪ੍ਰੀਤ ਸਿੰਘ ਦੀ ਹੋਈ ਦਰਦਨਾਕ ਮੌਤ ਕਾਰਨ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ  ਨਗਰ ਨਿਵਾਸੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਜਸਕਰਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਤਰੁੰਤ ਆਰਥਿਕ ਸਹਾਇਤਾ ਦਿੱਤੀ ਜਾਵੇ। ਸ਼ਾਮ ਨੂੰ ਮ੍ਰਿਤਕ ਜਸਕਰਨਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਹੋਕੇ ਮ੍ਰਿਤਕ ਜਸਕਰਨਪ੍ਰੀਤ ਸਿੰਘ ਜੀ ਮ੍ਰਿਤਕ ਦੇਹ ਨੂੰ ਅਗਨੀ ਭੇਟ ਉਸਦੀ ਭੈਣ ਵੱਲੋਂ ਕੀਤੀ ਗਈ।


Baljit Singh

Content Editor

Related News