ਜਲੰਧਰ: ਗਾਜ਼ੀਗੁੱਲਾ ’ਚ ਕੰਬਲਾਂ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੋਂ ਦਿੱਸੀਆਂ ਅੱਗ ਦੀਆਂ ਲਪਟਾਂ

02/11/2024 11:10:46 AM

ਜਲੰਧਰ (ਵਰੁਣ)-ਗਾਜ਼ੀਗੁੱਲਾ ’ਚ ਸ਼ਨੀਵਾਰ ਸ਼ਾਮੀਂ ਰੇਲਵੇ ਕਰਾਸਿੰਗ ਨੇੜੇ ਸਥਿਤ ਕੰਬਲ, ਰਜਾਈਆਂ, ਮੈਟ ਅਤੇ ਗਲੀਚਿਆਂ ਦੇ ਗੋਦਾਮ ਵਿਚ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ। ਦੂਰ-ਦੂਰ ਤੋਂ ਅੱਗ ਦੀਆਂ ਲਾਟਾਂ ਅਤੇ ਧੂੰਏਂ ਦੇ ਕਾਲੇ ਬੱਦਲ ਵੇਖੇ ਗਏ। ਇਲਾਕੇ ਵਿਚ ਧੂੰਏਂ ਦੇ ਕਾਲੇ ਬੱਦਲ ਛਾਉਣ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ ਅਤੇ ਉਹ ਆਪਣੇ-ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ।

ਥਾਣਾ ਨੰਬਰ 1 ਦੇ ਐਡੀਸ਼ਨਲ ਐੱਸ. ਐੱਚ. ਓ. ਰਾਜਿੰਦਰ ਸਿੰਘ ਨੇ ਦੱਸਿਆ ਕਿ ਸ਼ਾਮੀਂ ਲਗਭਗ ਪੌਣੇ 6 ਵਜੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਤੁਰੰਤ ਨਜ਼ਦੀਕ ਹੀ ਸਥਿਤ ਥਾਣਾ ਨੰਬਰ 2 ਦੇ ਇੰਚਾਰਜ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਪਹੁੰਚ ਗਏ ਅਤੇ ਥਾਣਾ ਨੰਬਰ 1 ਦੇ ਇੰਚਾਰਜ ਰਾਜਿੰਦਰ ਸਿੰਘ ਵੀ ਮੌਕੇ ’ਤੇ ਪਹੁੰਚੇ। ਫਾਇਰ ਬ੍ਰਿਗੇਡ ਵਿਭਾਗ ਦੀਆਂ ਲਗਭਗ 5 ਗੱਡੀਆਂ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਦੇ ਯਤਨਾਂ ਵਿਚ ਲੱਗ ਗਈਆਂ। ਸਥਾਨਕ ਲੋਕਾਂ ਦੀ ਮੰਨੀਏ ਤਾਂ ਕੁਝ ਹੀ ਸਮੇਂ ਵਿਚ ਅੱਗ ਨੇ ਪੂਰੇ ਗੋਦਾਮ ਨੂੰ ਆਪਣੀ ਲਪੇਟ ਵਿਚ ਲੈ ਲਿਆ।

PunjabKesari
ਦੱਸਿਆ ਜਾ ਰਿਹਾ ਹੈ ਕਿ ਗੋਦਾਮ ਦੇ ਮਾਲਕ ਵੱਲੋਂ ਫੋਕਲ ਪੁਆਇੰਟ ਿਵਚ ਮਾਲ ਤਿਆਰ ਕਰਕੇ ਇਸੇ ਗੋਦਾਮ ਵਿਚ ਸਟੋਰ ਕੀਤਾ ਜਾਂਦਾ ਸੀ। ਥਾਣਾ ਨੰਬਰ 1 ਦੇ ਐਡੀਸ਼ਨਲ ਐੱਸ. ਐੱਚ. ਓ. ਰਾਜਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਸਪੱਸ਼ਟ ਨਹੀਂ ਹੋ ਸਕੇ ਪਰ ਕਿਸੇ ਦੇ ਅੱਗ ਦੀ ਲਪੇਟ ਵਿਚ ਆਉਣ ਨਾਲ ਝੁਲਸਣ ਦੀ ਸੂਚਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੋਦਾਮ ਵਿਚ ਹੀ ਪਹਿਲਾਂ ਪੁਰਾਣੀ ਫੈਕਟਰੀ ਸੀ, ਜਿਸ ਵਿਚ ਕੁਝ ਮਸ਼ੀਨਾਂ ਵੀ ਪਈਆਂ ਹੋਈਆਂ ਸਨ ਅਤੇ ਉਹ ਵੀ ਸੜ ਕੇ ਸੁਆਹ ਹੋ ਗਈਆਂ। ਐੱਸ. ਐੱਚ. ਓ. ਰਾਜਿੰਦਰ ਸਿੰਘ ਨੇ ਕਿਹਾ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਲਗਭਗ 50 ਤੋਂ ਵੱਧ ਗੱਡੀਆਂ ਲੱਗ ਚੁੱਕੀਆਂ ਹਨ। ਦੇਰ ਰਾਤ 10 ਵਜੇ ਵੀ ਅੱਗ ਬੁਝਾਉਣ ਦੇ ਯਤਨ ਜਾਰੀ ਸਨ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਕੰਮ ਦੌਰਾਨ ਵਾਪਰੇ ਦਰਦਨਾਕ ਹਾਦਸੇ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ

ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਅੰਦਰ ਮਾਰੀਆਂ ਗਈਆਂ ਪਾਣੀ ਅਤੇ ਕੈਮੀਕਲ ਦੀਆਂ ਬੌਛਾਰਾਂ
ਜਿਉਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤਾਂ ਅੱਗ ਦੀਆਂ ਲਾਟਾਂ ਕਾਰਨ ਅੰਦਰ ਦਾਖਲ ਹੋਣਾ ਨਾਮੁਮਕਿਨ ਸੀ। ਗੋਦਾਮ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਅੰਦਰ ਪਾਣੀ ਅਤੇ ਕੈਮੀਕਲ ਦੀਆਂ ਬੌਛਾਰਾਂ ਮਾਰਨੀਆਂ ਸ਼ੁਰੂ ਕੀਤੀਆਂ ਪਰ ਅੱਗ ਬੇਹੱਦ ਭਿਆਨਕ ਰੂਪ ਧਾਰ ਚੁੱਕੀ ਸੀ। ਜਿਸ ਢੰਗ ਨਾਲ ਗੋਦਾਮ ਵਿਚੋਂ ਧੂੰਆਂ ਨਿਕਲ ਰਿਹਾ ਸੀ, ਉਸ ਨੂੰ ਦੇਖ ਕੇ ਸਥਾਨਕ ਲੋਕ ਵੀ ਸਹਿਮੇ ਹੋਏ ਸਨ। ਜਿਥੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਿਵਚ ਜੁਟੇ ਹੋਏ ਸਨ, ਉਥੇ ਹੀ ਪੁਲਸ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਵਿਚ ਲੱਗੀ ਹੋਈ ਸੀ।

PunjabKesari

ਅੱਗ ਕਾਰਨ ਗੋਦਾਮ ਦੀਆਂ ਕੰਧਾਂ ’ਚ ਆਈਆਂ ਤਰੇੜਾਂ, ਕਈ ਥਾਵਾਂ ਤੋਂ ਲੈਂਟਰ ਵੀ ਫਟਿਆ
ਅੱਗ ਦੀ ਤਪਸ਼ ਕਾਰਨ ਗੋਦਾਮ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ ਸਨ, ਹਾਲਾਂਕਿ ਪੁਲਸ ਲੋਕਾਂ ਦੀ ਭੀੜ ਨੂੰ ਇਮਾਰਤ ਤੋਂ ਦੂਰ ਰਹਿਣ ਨੂੰ ਕਹਿ ਰਹੀ ਸੀ ਪਰ ਉਸ ਦੇ ਬਾਵਜੂਦ ਭੀੜ ਅੱਗੇ ਜਾ ਕੇ ਵੀਡੀਓ ਬਣਾਉਂਦੀ ਰਹੀ। ਅੱਗ ਇੰਨੀ ਭਿਆਨਕ ਸੀ ਕਿ ਕਈ ਥਾਵਾਂ ਤੋਂ ਗੋਦਾਮ ਦਾ ਲੈਂਟਰ ਵੀ ਫਟ ਗਿਆ। ਖਬਰ ਲਿਖੇ ਜਾਣ ਤਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿਚ ਲੱਗੀਆਂ ਹੋਈਆਂ ਸਨ ਅਤੇ ਪੁਲਸ ਫੋਰਸ ਵੀ ਮੌਕੇ ’ਤੇ ਤਾਇਨਾਤ ਸੀ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਮਸ਼ਹੂਰ ਇੰਸਟੀਚਿਊਟ ਦੇ ਪ੍ਰੋਫ਼ੈਸਰ 'ਤੇ MBA ਦੀਆਂ ਵਿਦਿਆਰਥਣਾਂ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼

ਮੌਕੇ ਦਾ ਜਾਇਜ਼ਾ ਲੈਣ ਲਈ ਡੀ. ਸੀ. ਸਮੇਤ ਹੋਰ ਅਧਿਕਾਰੀ ਵੀ ਪੁੱਜੇ
ਦੇਰ ਰਾਤ ਲਗਭਗ ਪੌਣੇ 10 ਵਜੇ ਭਿਆਨਕ ਰੂਪ ਨਾਲ ਲੱਗੀ ਅੱਗ ਦਾ ਜਾਇਜ਼ਾ ਲੈਣ ਲਈ ਡੀ. ਸੀ. ਿਵਸ਼ੇਸ਼ ਸਾਰੰਗਲ ਅਤੇ ਹੋਰ ਅਧਿਕਾਰੀ ਵੀ ਪਹੁੰਚ ਗਏ। ਉਨ੍ਹਾਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨਾਲ ਵੀ ਗੱਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਅੱਗ ਲੱਗਣ ਦੇ ਕਾਰਨਾਂ ਨੂੰ ਲੈ ਕੇ ਹੋਰ ਤੱਥਾਂ ਬਾਰੇ ਪੁੱਛਗਿੱਛ ਕੀਤੀ ਅਤੇ ਬਚਾਅ ਕਾਰਜਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੇ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਮੌਜੂਦ ਭਾਜਪਾ ਆਗੂ ਨਵਲ ਕਿਸ਼ੋਰ ਕੰਬੋਜ ਅਤੇ ਹਨੀ ਕੰਬੋਜ ਨਾਲ ਵੀ ਗੱਲ ਕੀਤੀ।

ਇਹ ਵੀ ਪੜ੍ਹੋ: ਜਲੰਧਰ ਟ੍ਰੈਫਿਕ ਪੁਲਸ ਨੇ ਫਿਰ ਕੀਤੀ ਸਖ਼ਤੀ, ‘ਨੋ ਆਟੋ ਜ਼ੋਨ’ ਨੂੰ ਲੈ ਕੇ ਆਟੋ ਚਾਲਕਾਂ ਨੂੰ ਦਿੱਤੀ ਚਿਤਾਵਨੀ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News