ਪੈਟਰੋਲ ਪੰਪਾਂ ਤੇ ਨਾਮ ਚਰਚਾ ਘਰਾਂ ''ਤੇ ਪੁਲਸ ਵੱਲੋਂ ਤਿੱਖੀ ਨਜ਼ਰ

Thursday, Aug 24, 2017 - 02:40 AM (IST)

ਪੈਟਰੋਲ ਪੰਪਾਂ ਤੇ ਨਾਮ ਚਰਚਾ ਘਰਾਂ ''ਤੇ ਪੁਲਸ ਵੱਲੋਂ ਤਿੱਖੀ ਨਜ਼ਰ

ਬਲਾਚੌਰ/ਭੱਦੀ,   (ਬ੍ਰਹਮਪੁਰੀ/ ਚੌਹਾਨ)-  ਡੇਰਾ ਸੱਚਾ ਸੌਦਾ ਦੇ ਮੁਖੀ ਦੀ 26 ਅਗਸਤ ਨੂੰ ਪੰਚਕੂਲਾ ਅਦਾਲਤ ਵਿਖੇ ਹੋਣ ਵਾਲੀ ਸੁਣਵਾਈ ਦੇ ਮਾਮਲੇ 'ਚ ਸਬ-ਡਵੀਜ਼ਨ ਬਲਾਚੌਰ ਥਾਣੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਸ਼ਾਂਤੀ ਬਣਾਈ ਰੱਖਣ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ।
ਸਤੀਸ਼ ਸ਼ਰਮਾ ਥਾਣਾ ਮੁਖੀ ਪੋਜੇਵਾਲ ਨੇ ਦੱਸਿਆ ਕਿ ਪਿੰਡ ਚੰਦਿਆਣੀ ਕਲਾਂ ਵਿਖੇ ਡੇਰਾ ਸੱਦਾ ਸੌਦਾ ਨੇੜੇ ਸੁਰੱਖਿਆ ਕਾਮੇ ਤਾਇਨਾਤ ਕੀਤੇ ਗਏ ਹਨ। ਪੂਰੇ ਇਲਾਕੇ 'ਚ 300 ਪੁਲਸ ਮੁਲਾਜ਼ਮ ਤੇ ਸੁਰੱਖਿਆ ਦਸਤੇ ਹਰ ਚੰਗੀ-ਮਾੜੀ ਘਟਨਾ 'ਤੇ ਬਾਜ਼ ਅੱਖ ਰੱਖੀ ਬੈਠੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡਾਂ ਚੰਦਿਆਣੀ ਕਲਾਂ, ਚੂਹੜਪੁਰ, ਬਲਾਚੌਰ ਆਦਿ ਵਿਖੇ ਕੁਝ ਕੁ ਡੇਰੇ ਦੇ ਪੈਰੋਕਾਰ ਹਨ, ਉਹ ਵੀ ਸ਼ਾਂਤ ਹਨ। ਡਵੀਜ਼ਨ ਅਧੀਨ ਆਉਂਦੇ ਵੱਖ-ਵੱਖ ਪੈਟਰੋਲ ਪੰਪਾਂ 'ਤੇ ਪ੍ਰਸ਼ਾਸਨ ਵੱਲੋਂ ਸਖ਼ਤ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਕਿਸੇ ਨੂੰ ਵੀ ਕੇਨੀ ਜਾਂ ਬੋਤਲ ਵਿਚ ਪੈਟਰੋਲ-ਡੀਜ਼ਲ ਪਾ ਕੇ ਨਾ ਦਿੱਤਾ ਜਾਵੇ, ਜੇਕਰ ਪੰਪ ਦਾ ਕਰਿੰਦਾ ਇਸ ਤਰ੍ਹਾਂ ਕਰਦਾ ਫੜਿਆ ਗਿਆ ਤਾਂ ਪੁਲਸ ਸਖ਼ਤ ਕਾਰਵਾਈ ਕਰੇਗੀ।
ਅੱਜ ਜੈਨਪੁਰ, ਬਲਾਚੌਰ, ਮਜਾਰੀ, ਪੋਜੇਵਾਲ, ਕਾਠਗੜ੍ਹ, ਭੱਦੀ ਦੇ ਪੈਟਰੋਲ ਪੰਪਾਂ ਦੇ ਮਾਲਕਾਂ ਨੇ ਉਕਤ ਹਦਾਇਤਾਂ ਦੀ ਪੁਸ਼ਟੀ ਕੀਤੀ। ਉਧਰ, ਲੋਕ 25 ਅਗਸਤ ਤੋਂ ਪਹਿਲਾਂ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਵਾ ਰਹੇ ਹਨ ਤੇ ਖਾਣ-ਪੀਣ ਦਾ ਸਾਮਾਨ ਜਮ੍ਹਾ ਕਰ ਰਹੇ ਹਨ।
ਪੋਜੇਵਾਲ/ਸੜੋਆ, (ਕਟਾਰੀਆ/ਕਿਰਨ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਬਾਬਾ ਰਾਮ ਰਹੀਮ ਦੀ ਪੇਸ਼ੀ ਸੰਬੰਧੀ ਪੁਲਸ ਤੇ ਸਰਕਾਰ ਵੱਲੋਂ ਨਾਮ ਚਰਚਾ ਘਰਾਂ ਤੇ ਸ਼ਹਿਰਾਂ ਵਿਖੇ ਸਖ਼ਤ ਤੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਬਲਾਕ ਸੜੋਆ ਦੇ ਪਿੰਡ ਚੰਦਿਆਣੀ ਕਲਾਂ (ਨੰਨੂਵਾਲ) ਵਿਖੇ ਤਹਿਸੀਲ ਬਲਾਚੌਰ 'ਚ ਡੇਰਾ ਸੱਚਾ ਸੌਦਾ ਦਾ ਇਕ ਹੀ ਨਾਮ ਚਰਚਾ ਜਾਂ ਸਤਿਸੰਗ ਘਰ ਹੋਣ ਕਾਰਨ ਬਲਾਚੌਰ, ਪੋਜੇਵਾਲ ਦੀ ਪੁਲਸ ਵੱਲੋਂ ਅਣਸੁਖਾਵੀਂ ਘਟਨਾ ਜਾਂ ਮਾਹੌਲ ਖਰਾਬ ਹੋਣ ਤੋਂ ਬਚਾਅ ਕਰਨ ਲਈ ਨਾਮ ਚਰਚਾ ਘਰ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਉਧਰ, ਬਲਾਚੌਰ ਦੇ ਡੀ. ਐੱਸ. ਪੀ. ਗਗਨਦੀਪ ਸਿੰਘ ਭੁੱਲਰ, ਨਵਾਂਸ਼ਹਿਰ ਦੇ ਐੱਸ. ਪੀ. ਜਸਵੀਰ ਸਿੰਘ ਰਾਏ ਤੇ ਐੱਸ. ਐੱਚ. ਓ. ਪੋਜੇਵਾਲ ਨੇ ਲੋਕਾਂ ਤੇ ਪ੍ਰੇਮੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।


Related News