ਲੁੱਟ-ਖੋਹ ਮਾਮਲੇ ਦਾ ਭਗੌੜਾ ਕਾਬੂ

Sunday, Mar 04, 2018 - 02:30 AM (IST)

ਲੁੱਟ-ਖੋਹ ਮਾਮਲੇ ਦਾ ਭਗੌੜਾ ਕਾਬੂ

ਮੋਗਾ,  (ਆਜ਼ਾਦ)-  ਭਗੌੜੇ ਦੋਸ਼ੀਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬਾਘਾਪੁਰਾਣਾ ਪੁਲਸ ਨੇ ਪੋਸਟ ਮਾਸਟਰ ਤੋਂ ਨਕਦੀ ਅਤੇ ਹੋਰ ਦਸਤਾਵੇਜ਼ ਖੋਹਣ ਦੇ ਮਾਮਲੇ 'ਚ ਸ਼ਾਮਲ ਇਕ ਭਗੌੜੇ ਦੋਸ਼ੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਉਕਤ ਭਗੌੜੇ ਦੋਸ਼ੀ ਹਰਜਿੰਦਰ ਸਿੰਘ ਉਰਫ ਜਿੰਦਾ ਨਿਵਾਸੀ ਪਿੰਡ ਸਾਹੋਕੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਕੀ ਸੀ ਮਾਮਲਾ
ਹਰਮੇਸ਼ ਅਗਰਵਾਲ ਨਿਵਾਸੀ ਕਾਲੇਕੇ ਰੋਡ ਬਾਘਾਪੁਰਾਣਾ ਨੇ 16 ਸਤੰਬਰ, 2015 ਨੂੰ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਸੀ ਕਿ ਉਹ ਪਿੰਡ ਚੰਨੂੰਵਾਲਾ 'ਚ ਬ੍ਰਾਂਚ ਪੋਸਟ ਮਾਸਟਰ ਲੱਗਾ ਹੋਇਆ ਹੈ। ਜਦ ਉਹ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਆਪਣੇ ਮੋਟਰਸਾਈਕਲ 'ਤੇ ਪਿੰਡ ਲਧਾਈਕੇ ਤੋਂ ਬਾਘਾਪੁਰਾਣਾ ਵਾਪਸ ਆ ਰਿਹਾ ਸੀ ਤਾਂ ਜਦੋਂ ਹੀ ਉਹ ਮਾੜੀ ਮੁਸਤਫਾ ਵਾਲੀ ਸੜਕ 'ਤੇ ਚੜ੍ਹਿਆ ਤਾਂ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਬੇਸਬਾਲ ਨਾਲ ਹਮਲਾ ਕਰ ਕੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਦੀ ਜੇਬ 'ਚੋਂ 2500-3000 ਦੀ ਨਕਦੀ ਦੇ ਇਲਾਵਾ ਮੋਬਾਇਲ ਫੋਨ ਅਤੇ ਹੋਰ ਜ਼ਰੂਰੀ ਦਸਤਾਵੇਜ਼ ਖੋਹ ਕੇ ਲੈ ਗਏ।

ਕੀ ਹੋਈ ਪੁਲਸ ਕਾਰਵਾਈ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸਿਕੰਦਰ ਸਿੰਘ ਨੇ ਦੱਸਿਆ ਕਿ ਬਾਘਾਪੁਰਾਣਾ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਉਕਤ ਮਾਮਲੇ 'ਚ ਹਰਜਿੰਦਰ ਸਿੰਘ ਉਰਫ ਜਿੰਦਾ ਨਿਵਾਸੀ ਪਿੰਡ ਸਾਹੋਕੇ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸ ਨੂੰ ਮਾਣਯੋਗ ਅਦਾਲਤ ਐੱਸ. ਡੀ. ਜੇ. ਐੱਮ. ਬਾਘਾਪੁਰਾਣਾ ਵੱਲੋਂ 12 ਅਪ੍ਰੈਲ 2016 ਨੂੰ ਭਗੌੜਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਬੱਸ ਅੱਡਾ ਬਾਘਾਪੁਰਾਣਾ ਤੋਂ ਕਾਬੂ ਕਰ ਲਿਆ ਗਿਆ, ਜਿਸ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ।


Related News