ਜਲੰਧਰ ''ਚ ਪੈਸੇਂਜਰ ਟਰੇਨ ਸਾਹਮਣੇ ਟਰੈਕਟਰ ਆਉਣ ਕਾਰਨ ਪਈਆਂ ਭਾਜੜਾਂ, ਫ਼ਿਲਮੀ ਸਟਾਈਲ ''ਚ ਟਲਿਆ ਵੱਡਾ ਹਾਦਸਾ
Wednesday, May 22, 2024 - 11:56 AM (IST)
ਜਲੰਧਰ (ਪੁਨੀਤ)- ਕਈ ਕਹਾਣੀਆਂ ਅਤੇ ਫ਼ਿਲਮਾਂ ’ਚ ਸੁਣਨ ਨੂੰ ਮਿਲਦਾ ਸੀ ਕਿ ਟਰੇਨ ਦੇ ਸਾਹਮਣੇ ਆ ਰਹੇ ਖ਼ਤਰੇ ਨੂੰ ਵੇਖਦੇ ਹੋਏ ਲਾਈਨਾਂ ’ਤੇ ਭੱਜੇ ਵਿਅਕਤੀ ਵੱਲੋਂ ਲਾਲ ਝੰਡੀ ਵਿਖਾ ਕੇ ਟਰੇਨ ਨੂੰ ਰੁਕਵਾ ਦਿੱਤਾ ਗਿਆ ਹੋਵੇ। ਇਸੇ ਤਰ੍ਹਾਂ ਦੀ ਇਕ ਸੱਚੀ ਘਟਨਾ ਜਲੰਧਰ ਦੇ ਕਾਲਾ ਬੱਕਰਾ ਨੇੜੇ ਜੱਲੋਵਾਲ ਦੇ ਰੇਲਵੇ ਫਾਟਕ ਨੰਬਰ 32 ’ਤੇ ਹੋਈ। ਇਸ ’ਚ ਪਠਾਨਕੋਟ ਨੂੰ ਜਾਣ ਵਾਲੀ ਪੈਸੇਂਜਰ ਟਰੇਨ ਦੇ ਸਾਹਮਣੇ ਇਕ ਟਰੈਕਟਰ ਆ ਗਿਆ, ਜੋਕਿ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਸੀ। ਸਮਝਦਾਰੀ ਵਿਖਾਉਂਦੇ ਹੋਏ ਗੇਟਮੈਨ ਲਾਲ ਝੰਡੀ ਲੈ ਕੇ ਭੱਜਿਆ ਅਤੇ 100 ਮੀਟਰ ਪਹਿਲਾਂ ਟਰੇਨ ਨੂੰ ਰੁਕਵਾ ਦਿੱਤਾ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਆਰ. ਪੀ. ਐੱਫ਼. ਵੱਲੋਂ ਇਸ ਸਬੰਧ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ’ਚ ਅਣਪਛਾਤੇ ਵਿਅਕਤੀ ਦੀ ਤਲਾਸ਼ ਕੀਤੀ ਜਾ ਰਹੀ ਹੈ, ਜੋਕਿ ਰੇਲ ਲਾਈਨ ’ਤੇ ਟਰੈਕਟਰ ਨੂੰ ਲੈ ਕੇ ਆਇਆ ਸੀ।
ਘਟਨਾ ਸੋਮਵਾਰ ਸ਼ਾਮ ਨੂੰ ਫਾਟਕ ਨੰ. 32 ਦੇ ਨੇੜੇ ਹੋਈ। ਇਸ ਦੌਰਾਨ ਪਠਾਨਕੋਟ ਵੱਲ ਜਾਣ ਲਈ ਪੈਸੇਂਜਰ ਗੱਡੀ ਆ ਰਹੀ ਸੀ, ਜਿਸ ਕਾਰਨ ਗੇਟਮੈਨ ਸੁਭਾਸ਼ ਵੱਲੋਂ ਫਾਟਕ ਬੰਦ ਕੀਤਾ ਗਿਆ ਸੀ। ਦੂਜੇ ਪਾਸਿਓਂ ਟਰੈਕਟਰ ਨੂੰ ਆਉਂਦੇ ਵੇਖ ਗੇਟਮੈਨ ਵੱਲੋਂ 3 ਸੈਕੰਡ ਦੀ ਵੀਡੀਓ ਵੀ ਬਣਾਈ ਗਈ ਹੈ, ਜਿਸ ’ਚ ਟਰੈਕਟਰ ਰੇਲ ਲਾਈਨਾਂ ਦੇ ਸਾਹਮਣੇ ਨਜ਼ਰ ਆ ਰਿਹਾ ਹੈ। ਗੇਟਮੈਨ ਸੁਭਾਸ਼ ਨੇ ਸਮਝਦਾਰੀ ਵਿਖਾਈ ਅਤੇ ਲਾਲ ਝੰਡੀ ਲੈ ਕੇ ਟਰੇਨ ਵੱਲ ਭੱਜਣ ਲੱਗਾ। ਇਸ ਨਾਲ ਰੇਲ ਦੇ ਡਰਾਈਵਰ ਨੂੰ ਖ਼ਤਰੇ ਦਾ ਖਦਸ਼ਾ ਹੋ ਗਿਆ ਅਤੇ ਉਸ ਨੇ ਟਰੇਨ ਨੂੰ ਬ੍ਰੇਕ ਲਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਕਤ ਟਰੇਨ 100 ਮੀਟਰ ਪਹਿਲਾਂ ਰੁਕ ਗਈ। ਇਸ ਕਾਰਨ ਕੁਝ ਦੇਰ ਤੱਕ ਟਰੇਨ ਫਾਟਕ ਨੇੜੇ ਖੜ੍ਹੀ ਰਹੀ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਭਿਆਨਕ ਸੜਕ ਹਾਦਸੇ 'ਚ 'ਆਪ' ਆਗੂ ਮਹਿੰਦਰ ਜੀਤ ਸਿੰਘ ਦੀ ਮੌਤ
ਰੇਲਵੇ ਕਰਮਚਾਰੀਆਂ ਨੇ ਦੱਸਿਆ ਕਿ ਉਕਤ ਟਰੈਕਟਰ ਚਾਲਕ ਇਹ ਘਟਨਾ ਵੇਖ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ’ਤੇ ਗੇਟਮੈਨ ਵੱਲੋਂ ਸਬੰਧਤ ਅਧਿਕਾਰੀਆਂ ਅਤੇ ਰੇਲਵੇ ਦੇ ਟ੍ਰੈਫਿਕ ਵਿਭਾਗ ਨੂੰ ਸੂਚਿਤ ਕੀਤਾ ਗਿਆ। ਉਕਤ ਏਰੀਆ ਆਰ. ਪੀ. ਐੱਫ਼. ਮੁਕੇਰੀਆਂ ਸੈਕਸ਼ਨ ਅਧੀਨ ਆਉਂਦਾ ਹੈ। ਇਸ ਕਾਰਨ ਮੁਕੇਰੀਆਂ ਦੇ ਏ. ਐੱਸ. ਆਈ. ਮਨੋਜ ਕੁਮਾਰ ਵੱਲੋਂ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਆਰ. ਪੀ. ਐੱਫ਼. ਮੁਕੇਰੀਆਂ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ, ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਉਕਤ ਵਿਅਕਤੀ ਖੇਤਾਂ ਵੱਲੋਂ ਲਾਈਨ ਵੱਲ ਜਾ ਰਿਹਾ ਸੀ ਅਤੇ ਇਸ ਦੌਰਾਨ ਫਾਟਕ ਬੰਦ ਸੀ ਅਤੇ ਸਾਹਮਣੇ ਤੋਂ ਟਰੇਨ ਆ ਗਈ। ਉਕਤ ਟਰੈਕਟਰ ਚਾਲਕ ਨੂੰ ਸ਼ਾਇਦ ਸਮਝਣ ਦਾ ਮੌਕਾ ਹੀ ਨਹੀਂ ਮਿਲਿਆ।
ਗੇਟਮੈਨ ਨੂੰ ਐਵਾਰਡ ਦੇਣ ਦੀ ਹੋਵੇਗੀ ਸਿਫ਼ਾਰਿਸ਼
ਉਥੇ ਹੀ, ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਗੇਟਮੈਨ ਸੁਭਾਸ਼ ਨੂੰ ਰੇਲਵੇ ਵੱਲੋਂ ਪ੍ਰੋਤਸਾਹਿਤ ਕੀਤਾ ਜਾਵੇਗਾ। ਇਸ ਲਈ ਸਥਾਨਕ ਅਧਿਕਾਰੀਆਂ ਵੱਲੋਂ ਗੇਟਮੈਨ ਨੂੰ ਐਵਾਰਡ ਦੇਣ ਲਈ ਸਿਫਾਰਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਗੱਡੀ ਨੂੰ ਰੁਕਵਾ ਕੇ ਗੇਟਮੈਨ ਵੱਲੋਂ ਵੱਡਾ ਹਾਦਸਾ ਰੋਕਣ ’ਚ ਅਹਿਮ ਭੂਮਿਕਾ ਨਿਭਾਈ ਗਈ ਹੈ। ਐਵਾਰਡ ਦੇਣ ਨਾਲ ਦੂਜੇ ਕਰਮਚਾਰੀਆਂ ਨੂੰ ਪ੍ਰੇਰਣਾਮਿਲਦੀ ਹੈ।
ਇਹ ਵੀ ਪੜ੍ਹੋ- ਸ਼ਰਮਨਾਕ! ਕੜਾਕੇ ਦੀ ਧੁੱਪ 'ਚ ਫੈਕਟਰੀ ਦੀ ਕੰਧ 'ਤੇ ਛੱਡ ਗਏ ਨਵਜੰਮੀ ਬੱਚੀ, ਹਾਲਤ ਵੇਖ ਹਰ ਕੋਈ ਹੋਇਆ ਹੈਰਾਨ
ਪਹਿਲਾਂ ਵੀ ਚਰਚਾ ’ਚ ਰਹਿ ਚੁੱਕੀ ਹੈ ਉਕਤ ਲਾਈਨ
ਉਕਤ ਰੇਲਵੇ ਲਾਈਨ ਪਹਿਲਾਂ ਵੀ ਕਈ ਵਾਰ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਇਸ ’ਚ ਕਈ ਹੈਰਾਨ ਕਰਨ ਵਾਲੀਆਂ ਘਟਨਾਵਾਂ ਸੁਰਖੀਆਂ ’ਚ ਆਈਆਂ ਸਨ। ਇਸ ਲਾਈਨ ’ਤੇ ਇਕ ਗੱਡੀ ਪਠਾਨਕੋਟ ਤੋਂ ਆਪਣੇ-ਆਪ ਚੱਲ ਪਈ ਸੀ। ਉੱਥੇ ਹੀ ਦੂਜੀ ਘਟਨਾ ਮੁਤਾਬਕ ਜਲੰਧਰ ਤੋਂ ਆਪਣੇ-ਆਪ ਚੱਲੀ ਮਾਲਗੱਡੀ ਮੁਕੇਰੀਆਂ ਤੱਕ ਪਹੁੰਚ ਗਈ ਸੀ।
ਇਹ ਵੀ ਪੜ੍ਹੋ- ਨਡਾਲਾ 'ਚ ਵਾਪਰੇ ਸੜਕ ਹਾਦਸੇ ਨੇ ਘਰ 'ਚ ਵਿਛਾ ਦਿੱਤੇ ਸੱਥਰ, ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8