ਹਾਈਪ੍ਰੋਫਾਈਲ ਲੋਕ ਵੱਡੀ ਗਿਣਤੀ ''ਚ ਆਏ ਕੋਰੋਨਾ ਵਾਇਰਸ ਦੀ ਲਪੇਟ ''ਚ
Saturday, Mar 28, 2020 - 04:56 PM (IST)
ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕੋਰੋਨਾ ਵਾਇਰਸ ਦੇ ਕਹਿਰ ਨੇ ਸਮੁੱਚੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਬੀਮਾਰੀ ਨਾਲ ਜਿੱਥੇ ਵੱਡੇ ਪੱਧਰ 'ਤੇ ਵਪਾਰ ਅਤੇ ਕਾਰੋਬਾਰ ਨੂੰ ਢਾਹ ਲੱਗੀ ਹੈ, ਉੱਥੇ ਹੀ ਇਸ ਨਾਲ ਮਨੁੱਖੀ ਜਾਨਾਂ ਜਾਣ ਦੇ ਵੀ ਅਨੇਕਾਂ ਮਾਮਲੇ ਹਨ। 6 ਲੱਖ ਦੇ ਕਰੀਬ ਲੋਕ ਇਸ ਬੀਮਾਰੀ ਨਾਲ ਪੀੜਤ ਹੋ ਚੁੱਕੇ ਹਨ। ਹੁਣ ਤੱਕ ਇਸ ਬੀਮਾਰੀ ਦਾ ਵਧੇਰੇ ਪ੍ਰਕੋਪ ਇਟਲੀ, ਸਪੇਨ, ਚੀਨ ਅਤੇ ਈਰਾਨ ਵਿਚ ਦੇਖਣ ਨੂੰ ਮਿਲਿਆ ਹੈ। ਤਾਜ਼ਾ ਅੰਕੜਿਆ ਮੁਤਾਬਕ ਇਕੱਲੇ ਇਟਲੀ ਵਿਚ ਹੁਣ ਤੱਕ ਇਸ ਬੀਮਾਰੀ ਨਾਲ 86 ਹਜ਼ਾਰ ਤੋਂ ਵਧੇਰੇ ਲੋਕ ਪੀੜਤ ਹੋ ਚੁੱਕੇ ਹਨ। ਇਸੇ ਤਰ੍ਹਾਂ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਇੱਥੇ ਹੀ ਸਭ ਤੋਂ ਵੱਧ ਹੈ। ਹੁਣ ਤੱਕ ਇੱਥੇ 9 ਹਜ਼ਾਰ ਤੋਂ ਵਧੇਰੇ ਲੋਕ ਇਸ ਭਿਆਨਕ ਬੀਮਾਰੀ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।ਪਿਛਲੇ ਇਕ ਹਫਤੇ ਦੌਰਾਨ ਹੀ ਮੌਤਾਂ ਦੀ ਗਿਣਤੀ 3 ਗੁਣਾਂ ਦੇ ਕਰੀਬ ਹੋ ਗਈ ਹੈ।
ਕੋਰੋਨਾ ਵਾਇਰਸ ਦੀ ਲਪੇਟ 'ਚ ਹਾਈਪ੍ਰੋਫਾਈਲ ਲੋਕਾਂ ਦੀ ਵੱਡੀ ਗਿਣਤੀ
ਕੋਰੋਨਾ ਵਾਇਰਸ ਦੀ ਲਪੇਟ ਵਿਚ ਜਿੱਥੇ ਸਮੁੱਚੀ ਦੁਨੀਆ ਆ ਚੁੱਕੀ ਹੈ, ਉੱਥੇ ਹੀ ਹਾਈ ਪ੍ਰੋਫਾਈਲ ਲੋਕਾਂ ਦੇ ਇਸਦੀ ਲਪੇਟ ਵਿਚ ਆਉਣ ਦੇ ਅਨੇਕਾਂ ਮਾਮਲੇ ਹਨ। ਨਿਊਜ ਏਜੰਸੀ ਏ. ਪੀ. ਦੇ ਮੁਤਾਬਕ ਸੰਯੁਕਤ ਰਾਸ਼ਟਰ ਦੇ 86 ਸਟਾਫ ਮੈਂਬਰ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸੇ ਤਰ੍ਹਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਸਿਹਤ ਮੰਤਰੀ ਮੈ ਹੈਂਕਾਕ ਅਤੇ ਮਹਾਰਾਣੀ ਦੇ ਕਰੀਬੀ ਸਹਾਇਕ ਨੂੰ ਕੋਰੋਨਾ ਵਾਇਰਸ ਹੋਣ ਦੀਆਂ ਖ਼ਬਰਾਂ ਨੇ ਸਭ ਨੂੰ ਭੈਅਭੀਤ ਕਰ ਦਿੱਤਾ ਸੀ। ਇਸ ਹਫਤੇ ਹਾਲੀਵੁੱਡ ਸੁਪਰ ਸਟਾਰ ਮਾਰਕ ਬਲਮ ਦਾ ਦੇਹਾਂਤ ਵੀ ਮੌਜੂਦਾ ਸਮੇਂ ਵੱਡੀ ਘਟਨਾ ਹੈ। ਕੋਰੋਨਾ ਵਾਇਰਸ ਤੋਂ ਪੀੜਤ ਹੋਣ ਵਾਲੀਆਂ ਵੱਡੀਆਂ ਸ਼ਖਸੀਅਤਾਂ ਵਿਚ ਸ਼ਾਹੀ ਪਰਿਵਾਰ ਦੇ ਪ੍ਰਿੰਸ ਚਾਰਲਸ, ਸਪੇਨ ਦੀ ਉਪ ਪ੍ਰਧਾਨ ਮੰਤਰੀ ਕਾਰਵੇਨ ਕਾਲਵੋ, ਅਮਰੀਕੀ ਸਕਰੀਨ ਰਾਈਟਰ ਟਰਰੈਂਸ ਮੇਕਨਲੀ ਆਦਿ ਅਨੇਕਾਂ ਨਾਂ ਹਨ, ਜੋ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ।
ਵੱਡੇ-ਵੱਡੇ ਖਿਡਾਰੀ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ
ਕੋਰੋਨਾ ਵਾਇਰਸ ਦੀ ਇਸ ਭਿਆਨਕ ਮਾਰ ਤੋਂ ਖੇਡ ਜਗਤ ਦੇ ਕਈ ਵੱਡੇ ਸੁਪਰਸਟਾਰ ਵੀ ਨਹੀਂ ਬਚ ਸਕੇ। ਬੀਤੇ ਕੱਲ੍ਹ ਈਰਾਨ ਦੀ ਧਾਕੜ ਮਹਿਲਾ ਫੁੱਟਬਾਲਰ ਇਲਹਮ ਸ਼ੇਖ ਦੀ ਜਾਨ ਇਸ ਭਿਆਨਕ ਬੀਮਾਰੀ ਨੇ ਲੈ ਲਈ। 27 ਫਰਵਰੀ ਨੂੰ ਉਨ੍ਹਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਇਸੇ ਤਰ੍ਹਾਂ ਇਟਲੀ ਫੁੱਟਬਾਲ ਲੀਗ ਦਾ ਇਕ ਸਟਾਰ ਖਿਡਾਰੀ ਡੇਨੀਅਲ ਰੁਗਾਨੀ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕਾ ਹੈ। ਜਾਣਕਾਰੀ ਮੁਤਾਬਕ ਫੁੱਟਬਾਲ ਕਲੱਬ ਚੇਲਸੀ ਦਾ ਇਕ ਖਿਡਾਰੀ ਵਿੰਗਰ ਕੈਲਮ ਕੋਰੋਨਾ ਦੀ ਲਪੇਟ 'ਚ ਚੁੱਕਾ ਹੈ। ਇਸ ਨਾਲ-ਨਾਲ ਪੋਲੈਂਡ ਦਾ ਫੁੱਟਬਾਲਰ ਆਰਟਰ ਬੋਰੂਕ ਵੀ ਪਿਛਲੇ ਦਿਨੀਂ ਇਸੇ ਬੀਮਾਰੀ ਦਾ ਸ਼ਿਕਾਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਸਟ੍ਰਾਈਕਰ ਮਨੋਲੋ ਗਾਬਿਦਿਨੀ, ਓਮਾਲ ਕਾਲੀ, ਐਲਬਿਨ ਐਕਡਨ, ਐਂਟੋਨੀ ਲਾ ਗੁਮਿਨਾ ਅਤੇ ਮਾਰਟਨ ਥਾਰਸਬਾਈ, ਸਾਊਥ ਕੋਰੀਆ ਦੇ ਸਟ੍ਰਾਈਕਰ ਸੁਕ ਹਿਊਨ ਜੁਨ ਵੀ ਇਸ ਨਾਮੁਰਾਦ ਵਾਇਰਸ ਦੀ ਜਕੜ ਵਿਚ ਆ ਚੁੱਕੇ ਹਨ।