3 ਸਾਲਾਂ ਤੋਂ ਜਲੰਧਰ ’ਚ ਰਹਿ ਰਹੀ ਸੀ ਉਜ਼ਬੇਕਿਸਤਾਨ ਦੀ ਲੜਕੀ, ਨਹੀਂ ਮਿਲਿਆ ਕੋਈ ਪਾਸਪੋਰਟ

Monday, Oct 31, 2022 - 01:53 AM (IST)

ਜਲੰਧਰ (ਵਰੁਣ) : ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਰਹਿ ਰਹੀ ਉਜ਼ਬੇਕਿਸਤਾਨ ਦੀ ਲੜਕੀ 3 ਸਾਲਾਂ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਰਹਿ ਰਹੀ ਸੀ। ਉਸ ਦੀ ਗ਼ਲਤ ਕੰਮਾਂ ਵਿਚ ਭੂਮਿਕਾ ਵੀ ਸਾਫ਼ ਹੋ ਗਈ ਹੈ। ਪੁਲਸ ਨੇ ਲੜਕੀ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ਕੋਲੋਂ ਪਾਸਪੋਰਟ ਵੀ ਨਹੀਂ ਮਿਲਿਆ। ਪੁਲਸ ਨੇ ਉਜ਼ਬੇਕਿਸਤਾਨ ਦੀ ਅੰਬੈਸੀ ਨੂੰ ਸੂਚਿਤ ਕਰ ਦਿੱਤਾ ਹੈ, ਜਦਕਿ ਹੁਣ ਅੰਬੈਸੀ ਤੋਂ ਲੜਕੀ ਦਾ ਨਵਾਂ ਪਾਸਪੋਰਟ ਬਣਵਾ ਕੇ ਉਸ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : MP ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਬਾਰੇ ਬੋਲਦਿਆਂ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਸੀ. ਆਈ. ਏ. ਸਟਾਫ਼-1 ਦੇ ਏ. ਐੱਸ. ਆਈ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਲੜਕੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ 2019 ’ਚ ਜਲੰਧਰ ਆਈ ਸੀ। ਕਈ ਥਾਵਾਂ ’ਤੇ ਉਹ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਆਪਣਾ ਨਾਂ ਬਦਲ ਕੇ ਰਹਿ ਰਹੀ ਸੀ। ਉਸ ਦਾ ਇਕ ਲੋਕਲ ਸਰਕਲ ਵੀ ਨਿਕਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਲੜਕੀ ਟੂਰਿਸਟ ਵੀਜ਼ਾ ’ਤੇ ਆਈ ਸੀ ਅਤੇ ਤਿੰਨ ਮਹੀਨੇ ਦਿੱਲੀ ’ਚ ਰਹੀ ਪਰ ਵੀਜ਼ਾ ਖਤਮ ਹੋਣ ਤੋਂ ਬਾਅਦ ਉਹ ਪੰਜਾਬ ਆ ਗਈ। ਇਸ ਤੋਂ ਪਹਿਲਾਂ ਵੀ ਉਹ ਪੰਜਾਬ ਦੇ ਕੁਝ ਸ਼ਹਿਰਾਂ ’ਚ ਰਹਿ ਚੁੱਕੀ ਹੈ। ਪੁਲਸ ਭਾਰਤ ’ਚ ਗੈਰ-ਕਾਨੂੰਨੀ ਤੌਰ ’ਤੇ ਰਹਿਣ ਦੇ ਅਸਲ ਕਾਰਨਾਂ ਦਾ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਖਬਰ ਵੀ ਪੜ੍ਹੋ : ਅਹਿਮ ਖ਼ਬਰ : CM ਮਾਨ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ 8 ਨੁਕਾਤੀ ਏਜੰਡਾ ਕੀਤਾ ਤਿਆਰ

ਏ. ਐੱਸ. ਆਈ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਲੜਕੀ ਕੋਲੋਂ ਅਸਲੀ ਪਾਸਪੋਰਟ ਨਹੀਂ ਮਿਲਿਆ। ਉਸ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਦਾ ਪਾਸਪੋਰਟ ਕਿਸੇ ਨੇ ਪਾੜ ਦਿੱਤਾ ਸੀ ਪਰ ਉਸ ਦੇ ਕਮਰੇ ਵਿਚੋਂ ਪਾਸਪੋਰਟ ਦੀ ਫੋਟੋ ਕਾਪੀ ਮਿਲ ਗਈ ਹੈ, ਜੋ ਉਜ਼ਬੇਕਿਸਤਾਨ ਦੀ ਅੰਬੈਸੀ ਨੂੰ ਭੇਜ ਦਿੱਤੀ ਗਈ ਹੈ। ਲੜਕੀ ਆਪਣਾ ਗੁਜ਼ਾਰਾ ਵੀ ਗੈਰ-ਕਾਨੂੰਨੀ ਕੰਮਾਂ ਤੋਂ ਹੋਣ ਵਾਲੀ ਕਮਾਈ ਨਾਲ ਕਰਦੀ ਸੀ। ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ ਨੇ 66 ਫੁੱਟੀ ਰੋਡ ’ਤੇ ਸਥਿਤ ਫਲੈਟਾਂ ’ਚ ਛਾਪਾ ਮਾਰ ਕੇ ਉਜ਼ਬੇਕਿਸਤਾਨ ਦੀ ਰਹਿਣ ਵਾਲੀ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਸੀ। ਲੜਕੀ ਬਿਨਾਂ ਵੀਜ਼ਾ ਦੇ ਰਹਿ ਰਹੀ ਸੀ, ਜਦਕਿ ਉਸ ਨੇ ਜਾਅਲੀ ਆਧਾਰ ਕਾਰਡ ਵੀ ਬਣਵਾਇਆ ਹੋਇਆ ਸੀ, ਜਿਸ ’ਤੇ ਫਰਜ਼ੀ ਨਾਂ ਲਿਖਿਆ ਹੋਇਆ ਸੀ। ਉਕਤ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਨੇ ਫਲੈਟਾਂ ’ਚ ਕਿਰਾਏ ’ਤੇ ਕਮਰਾ ਲਿਆ ਹੋਇਆ ਸੀ ਅਤੇ ਜਾਅਲੀ ਆਧਾਰ ਕਾਰਡ ’ਤੇ ਹੀ ਬੈਂਕ ਖਾਤਾ ਵੀ ਖੁੱਲ੍ਹਵਾਇਆ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ਗੁਜਰਾਤ ਦੇ ਮੋਰਬੀ ਹਾਦਸੇ ’ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਟਵੀਟ ਕਰ ਕਹੀ ਇਹ ਗੱਲ


Manoj

Content Editor

Related News