ਵਿਸਾਖੀ ਤੋਂ ਇੱਕ ਦਿਨ ਪਹਿਲਾਂ 20 ਏਕੜ ਕਣਕ ਨੂੰ ਲੱਗੀ ਅੱਗ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
Monday, Apr 12, 2021 - 09:39 PM (IST)
ਬਠਿੰਡਾ, (ਜਗਵੰਤ ਬਰਾੜ)- ਇਕ ਪਾਸੇ ਜਿੱਥੇ ਕਿਸਾਨ ਵਿਸਾਖੀ ਦੀਆਂ ਤਿਆਰੀਆਂ ਕਰ ਰਹੇ ਹਨ ਉੱਥੇ ਹੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਮੰਦਭਾਗਾ ਹਾਦਸਾ ਵਾਪਰ ਗਿਆ। ਦਰਅਸਲ ਪਿੰਡ ਦਾਨ ਸਿੰਘ ਵਾਲਾ ਵਿਖੇ ਅੱਗ ਲੱਗਣ ਕਾਰਨ ਵੱਖੋ ਵੱਖ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ 20 ਤੋਂ 25 ਏਕੜ ਪੱਕੀ ਕਣਕ ਦੀ ਫ਼ਸਲ ਸੜ ਕੇ ਸਵਾਹ ਹੋ ਗਈ। ਮੌਕੇ 'ਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਸ ਖੇਤ 'ਚ ਅੱਗ ਲੱਗੀ ਹੈ ਉਸ ਖੇਤ ਨਜ਼ਦੀਕ ਤੂੜੀ ਬਣਾਉਣ ਵਾਲੀ ਮਸ਼ੀਨ ਲੱਗੀ ਹੋਈ ਸੀ ਜਿਸ ਵਿੱਚੋਂ ਸਪਾਰ੍ਕ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ, ਨਾਲ ਹੀ ਉਹਨਾਂ ਦੱਸਿਆ ਕਿ ਜਦੋਂ ਖੇਤਾਂ 'ਚ ਅੱਗ ਲੱਗਣ ਬਾਰੇ ਪੱਤਾ ਲੱਗਾ ਤਾਂ ਸਥਾਨਕ ਪਿੰਡ ਵਾਸੀਆਂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਭਾਰੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ, ਪਰ ਉਸ ਵੇਲੇ ਤੱਕ ਵੱਖੋ ਵੱਖ ਘਰਾਂ ਦੀ ਕਰੀਬ 20 ਤੋਂ 25 ਏਕੜ ਪੱਕੀ ਕਣਕ ਸੜ ਕੇ ਰਾਖ ਹੋ ਗਈ ਸੀ। ਜਿਸਦੇ ਚਲਦੇ ਪੀੜਤ ਕਿਸਾਨਾਂ ਵਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।