700 ਵਿਦਿਆਰਥੀਆਂ ਨੂੰ ਕੈਨੇਡਾ 'ਚ ਡਿਪੋਰਟ ਕਰਨ ਦੇ ਮਾਮਲੇ 'ਚ ਜਲੰਧਰ ਕਮਿਸ਼ਨਰੇਟ ਪੁਲਸ ਦਾ ਸਖ਼ਤ ਐਕਸ਼ਨ
03/29/2023 2:52:01 PM

ਜਲੰਧਰ (ਸੁਧੀਰ)–ਪੜ੍ਹਾਈ ਦੇ ਤੌਰ ’ਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਭੋਟ ਕੇ ਉਨ੍ਹਾਂ ਨੂੰ ਵਿਦੇਸ਼ ਦੇ ਕਈ ਪ੍ਰਾਈਵੇਟ ਕਾਲਜਾਂ ਦੇ ਫਰਜ਼ੀ ਆਫਰ ਲੈਟਰ ਦੇਣ ਦੇ ਦੋਸ਼ ਵਿਚ ਕਮਿਸ਼ਨਰੇਟ ਪੁਲਸ ਨੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ 2 ਹੋਰਨਾਂ ਦੀ ਭਾਲ ਵਿਚ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ। ਉਥੇ ਹੀ, ਕਾਬੂ ਕਾਰੋਬਾਰੀ ਤੋਂ ਫਰਜ਼ੀਵਾੜੇ ਬਾਰੇ ਪੁੱਛਗਿੱਛ ਜਾਰੀ ਹੈ। ਡੀ. ਸੀ. ਪੀ. ਹੈੱਡਕੁਆਰਟਰ ਵਤਸਲਾ ਗੁਪਤਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੂੰ ਵੱਖ-ਵੱਖ ਲੋਕਾਂ ਨੇ ਦਿੱਤੀਆਂ ਸ਼ਿਕਾਇਤਾਂ ਵਿਚ ਦੋਸ਼ ਲਾਇਆ ਸੀ ਕਿ ਟਰੈਵਲ ਏਜੰਟੀ ਦਾ ਕਾਰੋਬਾਰ ਕਰਨ ਵਾਲੇ ਕੁਝ ਟਰੈਵਲ ਏਜੰਟ ਪੰਜਾਬ ਦੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਕਾਲਜਾਂ ਦੇ ਫਰਜ਼ੀ ਆਫਰ ਲੈਟਰ ਬਣਾ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : 3 ਮਹੀਨਿਆਂ ਬਾਅਦ ਪੰਜਾਬ ਪਰਤੀ ਮਸਕਟ ’ਚ ਫਸੀ ਸਵਰਨਜੀਤ ਕੌਰ, ਸੁਣਾਈ ਹੱਡਬੀਤੀ
ਵਰਣਨਯੋਗ ਹੈ ਕਿ ਬੀਤੇ ਦਿਨੀਂ ਕੈਨੇਡਾ ਸਰਕਾਰ ਨੇ ਇਕ ਵੱਡਾ ਖ਼ੁਲਾਸਾ ਕਰਦੇ ਹੋਏ ਪੜ੍ਹਾਈ ਦੇ ਤੌਰ ’ਤੇ ਕੈਨੇਡਾ ਪਹੁੰਚੇ 700 ਵਿਦਿਆਰਥੀਆਂ ਦਾ ਫਰਜ਼ੀਵਾੜਾ ਫੜਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਸ ਦੇ ਨਾਲ ਹੀ ਇਸ ਵੱਡੇ ਫਰਜ਼ੀਵਾੜੇ ਵਿਚ ਜਲੰਧਰ ਦੇ ਇਕ ਟਰੈਵਲ ਕਾਰੋਬਾਰੀ ਦਾ ਹੱਥ ਦੱਸਿਆ ਜਾ ਰਿਹਾ ਸੀ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੇ ਫਰਜ਼ੀ ਦਸਤਾਵੇਜ਼ਾਂ ’ਤੇ ਕੈਨੇਡਾ ਪਹੁੰਚੇ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਫ਼ੈਸਲਾ ਲੈਂਦਿਆਂ ਸਾਰੇ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ। ਇਸ ਦੇ ਨਾਲ ਹੀ 700 ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਵੱਲੋਂ ਡਿਪੋਰਟ ਕਰਨ ਦੀ ਸੂਚਨਾ ਮਿਲਦੇ ਹੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚ ਹੜਕੰਪ ਮਚ ਗਿਆ ਸੀ। ਇਸ ਵੱਡੇ ਫਰਜ਼ੀਵਾੜੇ ਵਿਚ ਫਰਜ਼ੀ ਦਸਤਾਵੇਜ਼ਾਂ ’ਤੇ 700 ਵਿਦਿਆਰਥੀਆਂ ਨੂੰ ਵਿਦੇਸ਼ ਪਹੁੰਚਾਉਣ ਵਾਲੇ ਜਲੰਧਰ ਦੇ ਟਰੈਵਲ ਕਾਰੋਬਾਰੀ ਦਾ ਨਾਂ ਸਾਹਮਣੇ ਆਉਣ ’ਤੇ ਪੂਰੇ ਸੂਬੇ ਦੇ ਟਰੈਵਲ ਕਾਰੋਬਾਰੀ ਫਿਕਰਮੰਦ ਹੋ ਗਏ। ਕੈਨੇਡਾ ਸਰਕਾਰ ਵੱਲੋਂ ਇਸ ਫਰਜ਼ੀਵਾੜੇ ਦਾ ਖ਼ੁਲਾਸਾ ਕਰਨ ਤੋਂ ਬਾਅਦ ਕਮਿਸ਼ਨਰੇਟ ਪੁਲਸ ਦੀ ਉਕਤ ਟਰੈਵਲ ਕਾਰੋਬਾਰੀ ਦੀ ਭਾਲ ਵਿਚ ਜੁਟ ਗਈ। ਫਰਜ਼ੀਵਾੜਾ ਸਾਹਮਣੇ ਆਉਣ ’ਤੇ ਉਕਤ ਕਾਰੋਬਾਰੀ ਆਪਣੇ ਦਫ਼ਤਰ ਨੂੰ ਤਾਲਾ ਲਾ ਕੇ ਫ਼ਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 2018 ਤੋਂ 2022 ਵਿਚਕਾਰ ਜਲੰਧਰ ਦੇ ਇਕ ਟਰੈਵਲ ਕਾਰੋਬਾਰੀ ਨੇ ਲਗਭਗ 700 ਭਾਰਤੀ ਵਿਦਿਆਰਥੀਆਂ ਨੂੰ ਪ੍ਰਾਈਵੇਟ ਕਾਲਜ ਦੇ ਆਫਰ ਲੈਟਰ ਦਿਵਾ ਕੇ ਉਨ੍ਹਾਂ ਦੇ ਕੈਨੇਡਾ ਦੇ ਵੀਜ਼ੇ ਲੁਆ ਦਿੱਤੇ। ਇਸ ਦੀ ਇਵਜ਼ ਵਿਚ ਉਕਤ ਟਰੈਵਲ ਕਾਰੋਬਾਰੀ ਨੇ ਹਰੇਕ ਵਿਦਿਆਰਥੀ ਤੋਂ ਲੱਖਾਂ ਰੁਪਏ ਵਸੂਲ ਕੀਤੇ। ਇਸ ਫਰਜ਼ੀਵਾੜੇ ਵਿਚ ਸਾਰੇ ਵਿਦਿਆਰਥੀ ਕੈਨੇਡਾ ਦੇ ਟੋਰਾਂਟੋ ਵਿਚ ਪਹੁੰਚੇ। ਇਸ ਤੋਂ ਬਾਅਦ ਟਰੈਵਲ ਕਾਰੋਬਾਰੀ ਨੇ ਸਾਰਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਕ ਹੀ ਗੱਲ ਕਹੀ ਕਿ ਜਿਸ ਕਾਲਜ ਵਿਚ ਉਹ ਜਾ ਰਹੇ ਹਨ, ਉਥੋਂ ਦੀਆਂ ਸਾਰੀਆਂ ਸੀਟਾਂ ਫੁੱਲ ਹੋ ਚੁੱਕੀਆਂ ਹਨ। ਸਭ ਨੂੰ ਅਗਲੇ ਸਮੈਸਟਰ ਵਿਚ ਸੀਟਾਂ ਦਿਵਾਈਆਂ ਜਾਣਗੀਆਂ। ਵਿਦਿਆਰਥੀਆਂ ਦਾ ਭਰੋਸਾ ਜਿੱਤਣ ਲਈ ਉਸ ਨੇ ਕੁਝ ਰਾਸ਼ੀ ਵੀ ਮੋੜ ਦਿੱਤੀ। ਉਕਤ ਟਰੈਵਲ ਕਾਰੋਬਾਰੀ ਨੇ ਉਥੇ ਪਹੁੰਚੇ ਵਿਦਿਆਰਥੀਆਂ ਨੂੰ ਕਿਸੇ ਹੋਰ ਕਾਲਜ ਵਿਚ ਦਾਖਲਾ ਲੈਣ ਦੀ ਗੱਲ ਕਹੀ। ਕਈ ਵਿਦਿਆਰਥੀਆਂ ਨੇ ਹੋਰ ਕਾਲਜਾਂ ਵਿਚ 2 ਸਾਲ ਦੇ ਡਿਪਲੋਮਾ ਕੋਰਸ ਵਿਚ ਦਾਖ਼ਲਾ ਲਿਆ। ਉਸ ਤੋਂ ਬਾਅਦ ਕੈਨੇਡਾ ਪਹੁੰਚੇ ਵਿਦਿਆਰਥੀਆਂ ਨੇ 2 ਸਾਲ ਤੱਕ ਕਾਲਜ ਵਿਚ ਪੂਰੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਇਕ ਸਾਲ ਦੇ ਵਰਕ ਪਰਮਿਟ ਤਹਿਤ ਉਥੇ ਕੰਮ ਵੀ ਕੀਤਾ। ਇਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਫਰਜ਼ੀਵਾੜਾ ਫੜ ਕੇ ਉਨ੍ਹਾਂ ਨੂੰ ਡਿਪੋਰਟ ਕਰਨ ਦਾ ਫ਼ੈਸਲਾ ਲਿਆ। ਜਾਂਚ ਤੋਂ ਬਾਅਦ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਨੋਟਿਸ ਵੀ ਜਾਰੀ ਕੀਤੇ ਸਨ।
ਇਹ ਵੀ ਪੜ੍ਹੋ : CM ਮਾਨ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਮੁਲਾਕਾਤ, ਵਾਟਰ ਸੈੱਸ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਕੀ ਕਹਿੰਦੇ ਹਨ ਡੀ. ਸੀ. ਪੀ. ਵਤਸਲਾ ਗੁਪਤਾ
ਇਸ ਸਬੰਧ ਵਿਚ ਡੀ. ਸੀ. ਪੀ. ਹੈੱਡਕੁਆਰਟਰ ਵਤਸਲਾ ਗੁਪਤਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਫਿਲਹਾਲ ਕਾਲਜਾਂ ਦੇ ਫਰਜ਼ੀ ਲੈਟਰ ਦੇ ਕੇ ਲੋਕਾਂ ਦੇ ਠੱਗੀ ਮਾਰਨ ਦੇ ਦੋਸ਼ ਵਿਚ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਛਾਣ ਬ੍ਰਿਜੇਸ਼ ਮਿਸ਼ਰਾ ਨਿਵਾਸੀ ਗੁਰੂ ਗੋਬਿੰਦ ਸਿੰਘ ਐਵੇਨਿਊ, ਰਾਹੁਲ ਭਾਰਗਵ ਨਿਵਾਸੀ ਰਾਮਾ ਮੰਡੀ ਅਤੇ ਗੁਰਨਾਮ ਸਿੰਘ ਨਿਵਾਸੀ ਮਾਡਲ ਟਾਊਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੇ ਰਾਹੁਲ ਭਾਰਗਵ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਹੋਰਨਾਂ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਵੱਲੋਂ ਬ੍ਰਿਜੇਸ਼ ਮਿਸ਼ਰਾ ਅਤੇ ਉਸ ਦੇ ਸਾਥੀ ਦੇ ਸਬੰਧ ਵਿਚ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਕੁਝ ਅਹਿਮ ਖ਼ੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ : ਮੀਂਹ ਤੇ ਹਨੇਰੀ ਨੇ ਕਿਸਾਨਾਂ ਦੀ ਫ਼ਸਲ ਕੀਤੀ ਤਬਾਹ, ਜਾਣੋ ਅਗਲੇ ਦਿਨਾਂ ਤੱਕ ਕਿਹੋ-ਜਿਹਾ ਰਹੇਗਾ ਮੌਸਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।