ਬਿਜਲੀ ਬੋਰਡ ਦੇ ਜੇ.ਈ ਘਰੋਂ 8 ਲੱਖ ਰੁਪਏ ਅਤੇ 11 ਤੋਲੇ ਸੋਨੇ ਦੇ ਗਹਿਣੇ ਚੋਰੀ
Thursday, Mar 29, 2018 - 04:32 PM (IST)

ਅਜਨਾਲਾ (ਰਮਨਦੀਪ) - ਸਥਾਨਕ ਸ਼ਹਿਰ ਅਤੇ ਪੁਲਸ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡਾਂ 'ਚ ਲਗਾਤਾਰ ਚੋਰੀਆਂ ਦੀਆਂ ਵਧ ਰਹੀਆਂ ਵਾਰਦਾਤਾਂ ਕਾਰਨ ਸਰਹੱਦੀ ਖੇਤਰ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ । ਜੇਕਰ ਅਜਨਾਲਾ ਸ਼ਹਿਰ ਦੀ ਹੀ ਗੱਲ ਕੀਤੀ ਜਾਵੇ ਤਾਂ ਇਥੇ ਦਿਨ-ਰਾਤ ਸਮੇਂ ਚੋਰਾਂ ਵੱਲੋਂ ਨਕਦੀ, ਸੋਨੇ ਦੇ ਗਹਿਣੇ ਅਤੇ ਦੋਪਹੀਆ ਵਹੀਕਲ ਚੋਰੀ ਕਰਨਾ ਆਮ ਜਿਹੀ ਹੀ ਗੱਲ ਹੋ ਗਈ ਹੈ । ਪਹਿਲਾਂ ਦੀ ਤਰ੍ਹਾਂ ਬੀਤੀ ਰਾਤ ਵੀ ਚੋਰਾਂ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਦੀਦਾਰੇ ਕਰਨ ਗਏ ਇਕ ਪਰਿਵਾਰ ਦੇ ਘਰੋਂ 8 ਲੱਖ ਰੁਪਏ ਨਕਦੀ ਅਤੇ 11 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆ ਪਾਵਰਕਾਮ ਮੰਡਲ ਜਸਤਰਵਾਲ 'ਚ ਜੇ.ਈ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਸ਼ੋਤਮ ਸਿੰਘ ਵਾਸੀ ਵਾਰਡ ਨੰਬਰ 1 ਮੁਹੱਲਾ ਗੁਪਾਲ ਨਗਰ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਸਮੇਤ ਹਰ ਬੁੱਧਵਾਰ ਦੀ ਤਰ੍ਹਾਂ ਬੀਤੀ ਸ਼ਾਮ 8 ਵਜੇ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਅੰਮ੍ਰਿਤਸਰ ਵਿਖੇ ਗਿਆ ਸੀ, ਜਦ ਮੈਂ ਆਪਣੇ ਪਰਿਵਾਰ ਸਮੇਤ ਅੱਧੀ ਰਾਤ 1 ਵਜੇ ਦੇ ਕਰੀਬ ਘਰ ਵਾਪਸ ਪਰਤਿਆਂ ਤਾਂ ਵੇਖਿਆ ਕਿ ਮੇਰੇ ਘਰ ਦੇ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਜਦ ਮੈਂ ਸਟੋਰ 'ਚ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਲੋਹੇ ਦੀ ਅਲਮਾਰੀ ਦਾ ਤਾਲਾ ਅਤੇ ਲੌਕਰ ਵੀ ਟੁੱਟਾ ਹੋਇਆ ਸੀ । ਉਨ੍ਹਾਂ ਦੱਸਿਆ ਕਿ ਮੈਂ ਆਪਣੀ ਲੜਕੀ ਦੀ ਫੀਸ ਜਮਾਂ ਕਰਵਾਉਣ ਅਤੇ ਘਰ ਦੇ ਹੋਰ ਜ਼ਰੂਰੀ ਕੰਮ ਕਰਵਾਉਣ ਲਈ 8 ਲੱਖ ਰੁਪਏ ਅਲਮਾਰੀ 'ਚ ਰੱਖਿਆ ਸੀ, ਜੋ ਚੋਰਾਂ ਨੇ ਲੁੱਟ ਲਿਆ । ਇਸ ਤੋਂ ਇਲਾਵਾ ਅਲਮਾਰੀ 'ਚ ਰੱਖੇ 11 ਤੋਲੇ ਸੋਨੇ ਦੇ ਗਹਿਣੇ ਵੀ ਚੋਰਾਂ ਨੇ ਚੋਰੀ ਕਰ ਲਏ । ਜੇ.ਈ ਪ੍ਰਸ਼ੋਤਮ ਸਿੰਘ ਨੇ ਅੱਗੇ ਦੱਸਿਆ ਕਿ ਇਹ ਪੈਸੇ ਮੈਂ ਆਪਣੀ ਜ਼ਮੀਨ 'ਚੋਂ ਦਰਖਤ ਕਟਵਾ ਕੇ ਅਤੇ ਕੁਝ ਪੈਸੇ ਫਸਲ ਵੇਚ ਕੇ ਘਰ 'ਚ ਰੱਖੇ ਹੋਏ ਸਨ ।
ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਥਾਣਾ ਅਜਨਾਲਾ ਦੇ ਸਬ-ਇੰਸਪੈਕਟਰ ਧੰਨਵਿੰਦਰ ਸਿੰਘ ਅਤੇ ਏ.ਐੱਸ.ਆਈ ਰਛਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਜੇ.ਈ. ਪ੍ਰਸ਼ੋਤਮ ਸਿੰਘ ਦੇ ਬਿਆਨਾ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰਾਂ ਦੀ ਪਹਿਚਾਣ ਲਈ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ।
ਅਜਨਾਲਾ 'ਚ ਵਧ ਰਹੀਆਂ ਚੋਰੀਆਂ ਸੰਬੰਧੀ ਜਦ ਪੁਲਸ ਜ਼ਿਲਾ ਅੰਮ੍ਰਿਤਸਰ ਦੇਹਾਤੀ ਦੇ ਐੱਸ.ਐੱਸ.ਪੀ ਪਰਮਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਨਾਲਾ ਖੇਤਰ 'ਚ ਚੋਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ।