ਪਟਿਆਲਾ ’ਚ ਨਾਬਾਲਿਗ ਕੁੜੀ ਦੇ ਕਤਲ ਕਾਂਡ ਵਿਚ ਵੱਡਾ ਖੁਲਾਸਾ

Sunday, Mar 10, 2024 - 06:20 PM (IST)

ਪਟਿਆਲਾ (ਬਲਜਿੰਦਰ) : ਤਿੰਨ ਦਿਨ ਪਹਿਲਾਂ ਨਾਬਾਲਿਗ ਲੜਕੀ ਦੇ ਕਤਲ ਦੇ ਦੋਸ਼ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ ਐੱਸ. ਐੱਚ. ਓ. ਇੰਸ. ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਡੀ. ਐੱਸ. ਪੀ. ਸਿਟੀ-1 ਸੰਜੀਵ ਸਿੰਗਲਾ ਨੇ ਦੱਸਿਆ ਕਿ ਐੱਸ. ਐੱਸ. ਪੀ. ਵਰੁਣ ਸ਼ਰਮਾ, ਐੱਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਅਰੁਣ ਕੁਮਾਰ ਕੋਕੋ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਕਤਲ ਵਿਚ ਵਰਤਿਆ ਛੁਰਾ ਵੀ ਬਰਾਮਦ ਕਰ ਲਿਆ ਹੈ। ਇਸ ਕਤਲ ਵਿਚ ਇਕ ਹੋਰ ਵਿਅਕਤੀ ਵੀ ਸ਼ਾਮਲ ਹੈ, ਜਿਸਦਾ ਪਤਾ ਅਰੁਣ ਦਾ ਪੁਲਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਲਗਾਇਆ ਜਾਵੇਗਾ।

ਡੀ. ਐੱਸ. ਪੀ. ਸਿੰਗਲਾ ਨੇ ਦੱਸਿਆ ਕਿ ਥਾਣਾ ਕੋਤਵਾਲੀ ਦੀ ਪੁਲਸ ਨੇ ਬਾਬਾ ਵੀਰ ਸਿੰਘ ਧੀਰ ਸਿੰਘ ਕਾਲੋਨੀ ਪਟਿਆਲਾ ਵਿਖੇ ਸਲਮਾ ਨਾਂ ਦੀ ਨਾਬਾਲਿਗ ਲੜਕੀ ਦੇ ਕਤਲ ਹੋਣ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਵਿਖੇ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਸਲਮਾ ਦੇ ਪਿਤਾ ਪੰਕਜ ਪੁੱਤਰ ਓਮ ਪ੍ਰਕਾਸ਼ ਵਾਸੀ ਬਾਬਾ ਵੀਰ ਸਿੰਘ ਧੀਰ ਸਿੰਘ ਕਾਲੋਨੀ ਨੇੜੇ ਬਾਬਾ ਪੀਰ ਦਰਗਾਹ ਪਟਿਆਲਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਰੁਣ ਕੁਮਾਰ ਉਰਫ ਕੋਕੋ ਪੁੱਤਰ ਰਜਿੰਦਰ ਕੁਮਾਰ ਉਰਫ ਜੱਗੂ ਵਾਸੀ ਸੰਜੇ ਕਾਲੋਨੀ ਪਟਿਆਲਾ ਅਤੇ ਇਕ ਅਣਪਛਾਤੇ ਵਿਅਕਤੀ ਨੇ ਉਸਦੀ ਲੜਕੀ ਦਾ ਕਤਲ ਕਰ ਦਿੱਤਾ ਹੈ।

ਪੰਕਜ ਨੇ ਦੱਸਿਆ ਕਿ 6 ਮਾਰਚ ਨੂੰ ਸ਼ਾਮ 7 ਵਜੇ ਦੇ ਕਰੀਬ ਉਸਦੀ ਛੋਟੀ ਲੜਕੀ ਸਲਮਾ ਦੁਕਾਨ ਤੋਂ ਕੁਝ ਲੈਣ ਗਈ ਤੇ ਜਦੋਂ ਵਾਪਸ ਆ ਕੇ ਵੇਖਿਆ ਤਾਂ ਅਰੁਣ ਕੁਮਾਰ ਉਰਫ ਕੋਕੋ ਆਪਣੇ ਨਾਲ ਇਕ ਹੋਰ ਸਾਥੀ ਸਮੇਤ ਮੋਟਰਸਾਈਕਲ ਸਵਾਰ ਹੋ ਕੇ ਆਇਆ ਅਤੇ ਉਸ ਦੀ ਲੜਕੀ ਸਲਮਾ ਦਾ ਹੱਥ ਫੜਕੇ ਖਿੱਚ ਕੇ ਲੈ ਕੇ ਜਾਣ ਲੱਗਿਆ ਤਾਂ ਉਸ ਦੀ ਛੋਟੀ ਲੜਕੀ ਲਛਮੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਥੋੜੀ ਅੱਗੇ ਜਾ ਕੇ ਅਰੁਣ ਨੇ ਛੁਰਾ ਕੱਢ ਕੇ ਸਲਮਾ ’ਤੇ ਕਈ ਹਮਲੇ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਿਆ। ਸਲਮਾ ਨੂੰ ਜਦੋਂ ਜ਼ਖ਼ਮੀ ਹਾਲਤ ’ਚ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਅਰੁਣ ਕੁਮਾਰ ਉਸ ਦੀ ਲੜਕੀ ਸਲਮਾ ਨੂੰ ਜ਼ਬਰਦਸਤੀ ਆਪਣੇ ਨਾਲ ਰੱਖਣਾ ਚਾਹੁੰਦਾ ਸੀ। ਉਸ ਦਾ ਪਰਿਵਾਰ ਅਤੇ ਸਲਮਾ ਉਸ ਦੇ ਖਿਲਾਫ ਸਨ, ਇਸੇ ਵਜ੍ਹਾ ਕਰ ਕੇ ਹੀ ਅਰੁਣ ਨੇ ਸਲਮਾ ਦਾ ਕਤਲ ਕਰ ਦਿੱਤਾ ਸੀ।

ਡੀ. ਐੱਸ. ਪੀ. ਸਿੰਗਲਾ ਨੇ ਦੱਸਿਆ ਕਿ ਅੱਜ ਅਰੁਣ ਕੁਮਾਰ ਕੋਕੋ ਪੁਰਾਣੀ ਚੂੰਗੀ ਟਰੱਕ ਯੂਨੀਅਨ ਪਟਿਆਲਾ ਤੋਂ ਕਿਸੇ ਟਰੱਕ ਡਰਾਈਵਰ ਨਾਲ ਪੰਜਾਬ ਸਟੇਟ ਤੋਂ ਬਾਹਰ ਭੱਜਣ ਦੀ ਫਰਾਕ ਵਿਚ ਹੈ ਤਾਂ ਇੰਸ. ਹਰਜਿੰਦਰ ਸਿੰਘ ਢਿੱਲੋਂ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਅਤੇ ਸਮੁੱਚੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਅਰੁਣ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਵਾਰਦਾਤ ਵਿਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ। ਇਥੇ ਦੱਸਣਯੋਗ ਹੈ ਕਿ ਸਲਮਾ ਦੇ ਕਤਲ ਦੇ ਅਗਲੇ ਦਿਨ ਹੀ ਪੰਕਜ ਦੀ ਛੋਟੀ ਲੜਕੀ ਹੁਸਨਪ੍ਰੀਤ (6) ਦੀ ਮੌਤ ਬੀਮਾਰ ਹੋਣ ਅਤੇ ਆਪਣੀ ਵੱਡੀ ਭੈਣ ਦੀ ਮੌਤ ਦੇ ਸਦਮੇ ਕਾਰਨ ਹੋ ਗਈ ਸੀ, ਜਿਸ ਸਬੰਧੀ ਵੱਖਰੇ ਤੌਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।


Gurminder Singh

Content Editor

Related News