700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ, ਜਾਣੋ ਕੈਨੇਡਾ ਸਰਕਾਰ ਨੇ ਕਿਵੇਂ ਫੜਿਆ ਫਰਜ਼ੀਵਾੜਾ

Thursday, Mar 16, 2023 - 09:27 AM (IST)

ਜਲੰਧਰ (ਸੁਧੀਰ)– ਪੰਜਾਬ ਦੀ ਯੁਵਾ ਪੀੜ੍ਹੀ ਨੂੰ ਡਾਲਰਾਂ-ਪੌਂਡਾਂ ਦੇ ਸੁਨਿਹਰੀ ਸੁਫ਼ਨੇ ਦਿਖਾ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਤਾਂ ਅਕਸਰ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਅੱਜ ਕੈਨੇਡਾ ਸਰਕਾਰ ਨੇ ਇਕ ਵੱਡਾ ਖੁਲਾਸਾ ਕਰਦੇ ਹੋਏ ਪੜ੍ਹਾਈ ਦੇ ਤੌਰ ’ਤੇ ਕੈਨੇਡਾ ਪੁੱਜੇ 700 ਵਿਦਿਆਰਥੀਆਂ ਦਾ ਫਰਜ਼ੀਵਾੜਾ ਫੜਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਸ ਦੇ ਨਾਲ ਹੀ ਇਸ ਵੱਡੇ ਫਰਜ਼ੀਵਾੜੇ ’ਚ ਜਲੰਧਰ ਦੇ ਟਰੈਵਲ ਕਾਰੋਬਾਰੀ ਦਾ ਹੱਥ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੇ ਫਰਜ਼ੀ ਦਸਤਾਵੇਜ਼ਾਂ ’ਤੇ ਕੈਨੇਡਾ ਪੁੱਜੇ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਫ਼ੈਸਲਾ ਲੈਂਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ।

ਇਹ ਵੀ ਪੜ੍ਹੋ: ਕੈਨੇਡਾ 'ਚ ਨੌਕਰੀ ਕਰਨ ਤੋਂ ਪਹਿਲਾਂ ਪੜ੍ਹ ਲਓ ਸਰਕਾਰ ਦੀ ਚਿਤਾਵਨੀ, ਵਰਕ ਵੀਜ਼ਾ ਨੂੰ ਲੈ ਕੇ ਕੀਤਾ ਅਲਰਟ

ਇਕੱਠੇ 700 ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਵਲੋਂ ਡਿਪੋਰਟ ਕਰਨ ਦੀ ਸੂਚਨਾ ਮਿਲਦੇ ਹੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ’ਚ ਹੜਕੰਪ ਮਚ ਗਿਆ, ਜਿਸ ਦੇ ਨਾਲ ਹੀ ਉਸ ਨੂੰ ਵੱਡੇ ਫਰਜ਼ੀਵਾੜੇ ’ਚ ਫਰਜ਼ੀ ਦਸਤਾਵੇਜ਼ਾਂ ’ਤੇ 700 ਵਿਦਿਆਰਥੀਆਂ ਨੂੰ ਵਿਦੇਸ਼ ਪਹੁੰਚਾਉਣ ਵਾਲੇ ਜਲੰਧਰ ਦੇ ਟਰੈਵਲ ਕਾਰੋਬਾਰੀ ਦਾ ਨਾਂ ਸਾਹਮਣੇ ਆਉਣ ’ਤੇ ਸੂਬੇ ਭਰ ਦੇ ਟਰੈਵਲ ਕਾਰੋਬਾਰੀਆਂ ’ਚ ਹੜਕੰਪ ਮਚ ਗਿਆ। ਕੈਨੇਡਾ ਸਰਕਾਰ ਵਲੋਂ ਇਸ ਫਰਜ਼ੀਵਾੜੇ ਦਾ ਖ਼ੁਲਾਸਾ ਕਰਨ ਤੋਂ ਬਾਅਦ ਕਮਿਸ਼ਨਰੇਟ ਪੁਲਸ ’ਚ ਵੀ ਹੜਕੰਪ ਮਚ ਗਿਆ, ਜਿਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਵੀ ਉਕਤ ਟਰੈਵਲ ਕਾਰੋਬਾਰੀ ਦੀ ਭਾਲ ਕਰਨ ’ਚ ਜੁਟ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਫਰਜ਼ੀਵਾੜੇ ਦੇ ਸਾਹਮਣੇ ਆਉਣ ’ਤੇ ਉਕਤ ਟਰੈਵਲ ਕਾਰੋਬਾਰੀ ਆਪਣੇ ਦਫ਼ਤਰ ਨੂੰ ਤਾਲਾ ਲਾ ਕੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ: ਅਮਰੀਕਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਇਸ ਸਾਲ ਭਾਰਤੀਆਂ ਲਈ ਜਾਰੀ ਕਰੇਗਾ 10 ਲੱਖ ਵੀਜ਼ਾ

ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 2018 ਤੋਂ 2022 ਦਰਮਿਆਨ ਜਲੰਧਰ ਦੇ ਇਕ ਟਰੈਵਲ ਏਜੰਟ ਨੇ ਕਰੀਬ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਇਕ ਪ੍ਰਾਈਵੇਟ ਕਾਲਜ ਦੇ ਆਫਰ ਲੈਟਰ ਦਿਵਾ ਕੇ ਉਨ੍ਹਾਂ ਦੇ ਕੈਨੇਡਾ ਦੇ ਵੀਜ਼ੇ ਲਗਵਾ ਦਿੱਤੇ, ਜਿਸ ਕਾਰਣ ਉਕਤ ਟਰੈਵਲ ਕਾਰੋਬਾਰੀ ਨੇ ਹਰੇਕ ਵਿਦਿਆਰਥੀ ਤੋਂ ਲੱਖਾਂ ਰੁਪਏ ਵਸੂਲ ਕੀਤੇ। 4 ਸਾਲਾਂ ਦੌਰਾਨ ਹੋਏ ਇਸ ਫਰਜ਼ੀਵਾੜੇ ’ਚ ਸਾਰੇ ਵਿਦਿਆਰਥੀ ਕੈਨੇਡਾ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਵਿਦਿਆਰਥੀ ਟੋਰਾਂਟੋ ’ਚ ਪੁੱਜੇ। ਜਿਸ ਤੋਂ ਬਾਅਦ ਉਕਤ ਟਰੈਵਲ ਏਜੰਟ ਨੇ ਸਾਰਿਆਂ ਨਾਲ ਸੰਪਰਕ ਕਰ ਕੇ ਸਭ ਨੂੰ ਇਕੋ ਹੀ ਗੱਲ ਕਹੀ ਕਿ ਜਿਸ ਕਾਲਜ ’ਚ ਉਹ ਜਾ ਰਹੇ ਹਨ, ਉੱਥੋਂ ਦੀਆਂ ਸਾਰੀਆਂ ਸੀਟਾਂ ਫੁੱਲ ਹੋ ਚੁੱਕੀਆਂ ਹਨ ਅਤੇ ਸਭ ਨੂੰ ਅਗਲੇ ਸਮੈਸਟਰ ’ਚ ਸੀਟਾਂ ਦਿਵਾਈਆਂ ਜਾਣਗੀਆਂ। ਉਸਨੇ ਵਿਦਿਆਰਥੀਆਂ ਦਾ ਭਰੋਸਾ ਜਿੱਤਣ ਲਈ ਉਨ੍ਹਾਂ ਨੂੰ ਕੁੱਝ ਰਕਮ ਵੀ ਮੋੜ ਦਿੱਤੀ ਤਾਂ ਕਿ ਵਿਦਿਆਰਥੀਆਂ ਦਾ ਉਸ ’ਤੇ ਭਰੋਸਾ ਬਣਿਆ ਰਹੇ।

ਕੁੱਝ ਸਮੇਂ ਬਾਅਦ ਉਕਤ ਟਰੈਵਲ ਕਾਰੋਬਾਰੀ ਨੇ ਉੱਥੇ ਪੁੱਜੇ ਵਿਦਿਆਰਥੀਆਂ ਨੂੰ ਕਿਸੇ ਹੋਰ ਕਾਲਜ ’ਚ ਦਾਖ਼ਲਾ ਲੈਣ ਦੀ ਗੱਲ ਕਹੀ। ਫਿਰ ਵਿਦਿਆਰਥੀਆਂ ਨੇ ਹੋਰ ਕਾਲਜਾਂ ’ਚ 2 ਸਾਲਾਂ ਦਾ ਡਿਪਲੋਮਾ ਕੋਰਸ ਕਰਨ ਦਾ ਦਾਖ਼ਲਾ ਲਿਆ ਅਤੇ ਫਿਰ 2 ਸਾਲ ਤੱਕ ਕਾਲਜ ’ਚ ਪੂਰੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ 1 ਸਾਲ ਵਰਕ ਪਰਮਿਟ ਦੇ ਤਹਿਤ ਉੱਥੇ ਕੰਮ ਵੀ ਕੀਤਾ। ਕੈਨੇਡਾ ਦੀ ਸੀਮਾ ਸੁਰੱਖਿਆ ਏਜੰਸੀ (ਸੀ. ਬੀ. ਐੱਸ. ਏ.) ਵਲੋਂ ਸਾਰੇ ਵਿਦਿਆਰਥੀਆਂ ਨੂੰ ਉਕਤ ਟਰੈਵਲ ਕਾਰੋਬਾਰੀ ਵਲੋਂ ਹੀ ਭੇਜਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਅਰਜ਼ੀ ’ਤੇ ਉਕਤ ਟਰੈਵਲ ਕਾਰੋਬਾਰੀ ਦੇ ਹਸਤਾਖ਼ਰ ਨਹੀਂ ਹਨ, ਜਦ ਕਿ ਸਾਰੀਆਂ ਅਰਜ਼ੀਆਂ ’ਤੇ ਵਿਦਿਆਰਥੀਆਂ ਨੇ ਹੀ ਹਸਤਾਖ਼ਰ ਕੀਤੇ ਹਨ। ਉੱਥੇ ਹੀ ਕੈਨੇਡਾ ਪੁੱਜੇ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੀ ਸੂਚਨਾ ਮਿਲਦੇ ਹੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਵੀ ਟਰੈਵਲ ਕਾਰੋਬਾਰੀ ਨੂੰ ਲੱਭਣ ’ਚ ਲੱਗੇ ਹੋਏ ਹਨ ਪਰ ਫਿਲਹਾਲ ਉਸ ਦਾ ਕੁੱਝ ਪਤਾ ਨਹੀਂ ਲੱਗਿਆ। ਦੂਜੇ ਪਾਸੇ ਜਦੋਂ ਜਗ ਬਾਣੀ ਟੀਮ ਨੇ ਉਕਤ ਟਰੈਵਲ ਕਾਰੋਬਾਰੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: 9 ਸਾਲ ਸਰਕਾਰੀ ਨੌਕਰੀ ਕਰਨ ਵਾਲਾ ਬਾਂਦਰ, ਮਿਲਦੀ ਸੀ ਚੰਗੀ ਤਨਖ਼ਾਹ ਤੇ ਬੀਅਰ, ਇੰਝ ਮਿਲੀ ਜੌਬ

ਕੈਨੇਡਾ ਸਰਕਾਰ ਨੇ ਕਿਵੇਂ ਫੜਿਆ 700 ਵਿਦਿਆਰਥੀਆਂ ਦਾ ਫਰਜ਼ੀਵਾੜਾ

ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੇ ਨਿਯਮਾਂ ਮੁਤਾਬਕ ਕੈਨੇਡਾ ਪੁੱਜਣ ’ਤੇ 2 ਸਾਲ ਦੀ ਪੜ੍ਹਾਈ ਪੂਰੀ ਕਰਨ ਅਤੇ 1 ਸਾਲ ਦੇ ਵਰਕ ਪਰਮਿਟ ’ਤੇ ਸਖ਼ਤ ਮਿਹਨਤ ਨਾਲ ਕੰਮ ਕਰਨ ਦੇ ਨਾਲ 3 ਸਾਲ ਕੈਨੇਡਾ ’ਚ ਬਿਤਾਏ ਹਨ ਅਤੇ ਉਨ੍ਹਾਂ ਨੇ ਕੈਨੇਡਾ ਦੀ ਪੀ. ਆਰ. ਲਈ ਅਰਜ਼ੀ ਦਾਖ਼ਲ ਕੀਤੀ ਹੈ। ਜਿਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਜਦੋਂ ਅਰਜ਼ੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ 2018 ਤੋਂ 2022 ਦਰਮਿਆਨ ਪੁੱਜੇ ਕਈ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਨਾਲ-ਨਾਲ ਕਈ ਦਸਤਾਵੇਜ਼ ਫਰਜ਼ੀ ਪਾਏ ਗਏ। ਕੈਨੇਡਾ ਸਰਕਾਰ ਨੇ ਇਸ ਵੱਡੇ ਫਰਜ਼ੀਵਾੜੇ ਦਾ ਪਰਦਾਫਾਸ਼ ਕਰਨ ਦੇ ਨਾਲ ਹੀ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਲਈ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ, ਜਿਸ ਨੂੰ ਲੈ ਕੇ ਸੂਬੇ ਭਰ ’ਚ ਹੜਕੰਪ ਮਚ ਗਿਆ।

ਮਾਪਿਆਂ ਦੇ ਸੁਫ਼ਨਿਆਂ ’ਤੇ ਫਿਰਿਆ ਪਾਣੀ

ਭਾਰਤ ’ਚ 12ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ’ਚ ਪੜ੍ਹਾਈ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪੱਕੇ ਤੌਰ ’ਤੇ ਸੈਟਲ ਹੋਣ ਦੇ ਸੁਫ਼ਨੇ ਦੇਖਦੇ ਹਨ। ਕਈ ਮਾਪੇ ਤਾਂ ਆਪਣੇ ਬੱਚਿਆਂ ਨੂੰ ਵਿਦੇਸ਼ ’ਚ ਪੜ੍ਹਾਈ ਦੇ ਤੌਰ ’ਤੇ ਭੇਜਣ ਦੇ ਨਾਂ ’ਤੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਜਾਂ ਬੈਂਕ ਤੋਂ ਲੋਨ ਲੈ ਕੇ ਭੇਜਦੇ ਹਨ ਤਾਂ ਕਿ ਕਿਸੇ ਤਰ੍ਹਾਂ ਉਨ੍ਹਾਂ ਦਾ ਬੱਚਾ ਪੜ੍ਹ-ਲਿਖ ਕੇ ਵੱਡਾ ਬਣੇ ਅਤੇ ਪੜ੍ਹਾਈ ਤੋਂ ਬਾਅਦ ਵਿਦੇਸ਼ ’ਚ ਪੱਕੇ ਤੌਰ ’ਤੇ ਸੈੱਟ ਹੋ ਕੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਪੂਰਾ ਕਰੇ। ਜਿਹੜੇ ਮਾਪੇ ਪੜ੍ਹਾਈ ਤੋਂ ਬਾਅਦ 3 ਸਾਲ ਬੀਤ ਜਾਣ ਤੋਂ ਬਾਅਦ ਆਪਣੇ ਬੱਚਿਆਂ ਦੀ ਕੈਨੇਡਾ ’ਚ ਪੱਕੇ ਹੋਣ ਦੀ ਉਡੀਕ ਕਰ ਰਹੇ ਸਨ, ਉਨ੍ਹਾਂ ਮਾਪਿਆਂ ਨੂੰ ਬੱਚਿਆਂ ਦੇ ਡਿਪੋਰਟ ਹੋਣ ਦੀ ਸੂਚਨਾ ਮਿਲਣ ਦਾ ਨੋਟਿਸ ਮਿਲਣ ’ਤੇ ਉਨ੍ਹਾਂ ਦੇ ਸੁਫ਼ਨਿਆਂ ’ਤੇ ਪਾਣੀ ਫਿਰ ਗਿਆ।

ਇਹ ਵੀ ਪੜ੍ਹੋ: ਪਾਕਿਸਤਾਨ: ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਪੁਲਸ ਨਾਲ ਭਿੜੇ PTI ਵਰਕਰ

ਵਕੀਲਾਂ ਦੇ ਦਫ਼ਤਰਾਂ ਦੇ ਚੱਕਰ ਲਾ ਰਹੇ ਹਨ ਵਿਦਿਆਰਥੀ

700 ਵਿਦਿਆਰਥੀਆਂ ਨੂੰ ਇਕੱਠੇ ਕੈਨੇਡਾ ਤੋਂ ਡਿਪੋਰਟ ਕਰਨ ਦੀ ਸੂਚਨਾ ਮਿਲਣ ਤੋਂ ਬਾਅਦ ਸੂਬੇ ਭਰ ਦੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਪੱਕੇ ਹੋਣ ਅਤੇ ਉਨ੍ਹਾਂ ਦੇ ਭਵਿੱਖ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਕੋਈ ਆਪਣੇ ਕਿਸੇ ਰਿਸ਼ਤੇਦਾਰ ਨੂੰ ਕੈਨੇਡਾ ’ਚ ਫੋਨ ਕਰ ਕਿਸੇ ਵਕੀਲ ਬਾਰੇ ਜਾਣਕਾਰੀ ਲੈ ਰਿਹਾ ਹੈ ਅਤੇ ਕਈ ਵਿਦਿਆਰਥੀ ਉੱਥੇ ਵਕੀਲਾਂ ਦੇ ਦਫ਼ਤਰਾਂ ਦੇ ਚੱਕਰ ਕੱਟ ਕੇ ਕਾਨੂੰਨੀ ਰਾਏ ਲੈ ਰਹੇ ਹਨ।

ਪਹਿਲਾਂ ਵੀ ਕਈ ਪ੍ਰਾਈਵੇਟ ਕਾਲਜਾਂ ਦਾ ਫਰਜ਼ੀਵਾੜਾ ਆ ਚੁੱਕਾ ਹੈ ਸਾਹਮਣੇ

ਜੇ ਕੁੱਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਕੈਨੇਡਾ ’ਚ ਕਈ ਪ੍ਰਾਈਵੇਟ ਕਾਲਜਾਂ ਦਾ ਫਰਜ਼ੀਵਾੜਾ ਸਾਹਮਣੇ ਆ ਚੁੱਕੀ ਹੈ, ਜਿਸ ਕਾਰਣ ਵੱਡੀ ਗਿਣਤੀ ’ਚ ਭਾਰਤੀ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਵੀ ਫਸ ਚੁੱਕੇ ਹਨ। ਮਾਪਿਆਂ ਵਲੋਂ ਹੰਗਾਮਾ ਕਰਨ ਤੋਂ ਬਾਅਦ ਕਈ ਟਰੈਵਲ ਏਜੰਟਾਂ ਨੇ ਤਾਂ ਵਿਦਿਆਰਥੀਆਂ ਦੇ ਪੈਸੇ ਮੋੜ ਵੀ ਦਿੱਤੇ ਜਦ ਕਿ ਕਈਆਂ ਦੇ ਹਾਲੇ ਵੀ ਪ੍ਰਾਈਵੇਟ ਕਾਲਜਾਂ ’ਚ ਪੈਸੇ ਡੁੱਬੇ ਪਏ ਹਨ।

ਕੀ ਕਹਿਣਾ ਹੈ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਣਜੀਤ ਸਿੰਘ ਤੇਜਾ ਦਾ

ਦੂਜੇ ਪਾਸੇ ਸੰਪਰਕ ਕਰਨ ’ਤੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਣਜੀਤ ਸਿੰਘ ਤੇਜਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਵੀ ਉਕਤ ਟਰੈਵਲ ਕਾਰੋਬਾਰੀ ਦਾ ਪਤਾ ਲਾ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਲਾਇਸੈਂਸ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਜੇ ਇਸ ਮਾਮਲੇ ’ਚ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News