ਜਲੰਧਰ ’ਚ ਵਾਪਰੀ ਵੱਡੀ ਵਾਰਦਾਤ, ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਲੁੱਟ ਕੇ ਮੌਤ ਦੇ ਘਾਟ ਉਤਾਰਿਆ
Thursday, Sep 15, 2022 - 08:19 PM (IST)
ਭੋਗਪੁਰ (ਸੂਰੀ) : ਪੁਲਸ ਚੌਕੀ ਪਚਰੰਗਾ ਅਧੀਨ ਪੈਂਦੇ ਪਿੰਡ ਕਾਲਾ ਬੱਕਰਾ ’ਚ ਅੱਜ ਅਣਪਛਾਤੇ ਲੁਟੇਰਿਆਂ ਵੱਲੋਂ ਇਕ ਔਰਤ ਦੇ ਘਰ ’ਚ ਦਾਖ਼ਲ ਹੋ ਕੇ ਸੋਨਾ ਅਤੇ ਨਕਦੀ ਲੁੱਟਣ ਉਪਰੰਤ ਬਜ਼ੁਰਗ ਔਰਤ ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਵਾਰਦਾਤ ਵਾਲੀ ਥਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਅਮਰਜੀਤ ਕੌਰ ਪਤਨੀ ਗੁਰਮੀਤ ਸਿੰਘ ਆਪਣੇ ਘਰ ’ਚ ਆਪਣੀ ਦੋਹਤੀ ਨਾਲ ਰਹਿੰਦੀ ਸੀ ਅਤੇ ਅਮਰਜੀਤ ਕੌਰ ਦਾ ਪੁੱਤਰ ਗਰੀਸ ’ਚ ਰਹਿ ਰਿਹਾ ਹੈ। ਹਰ ਰੋਜ਼ ਵਾਂਗ ਅਮਰਜੀਤ ਕੌਰ ਦੀ ਦੋਹਤੀ ਪੜ੍ਹਨ ਲਈ ਕਾਲਜ ਗਈ ਹੋਈ ਸੀ। ਅੱਜ ਬਾਅਦ ਦੁਪਹਿਰ ਡੇਢ ਵਜੇ ਦੇ ਕਰੀਬ ਅਮਰਜੀਤ ਕੌਰ ਵੱਲੋਂ ਗਲੀ ’ਚੋਂ ਸਬਜ਼ੀ ਖਰੀਦਣ ਉਪਰੰਤ ਆਪਣੇ ਘਰ ਦਾ ਗੇਟ ਅੰਦਰ ਜਾ ਕੇ ਬੰਦ ਕਰ ਲਿਆ ਗਿਆ ਸੀ। ਤਿੰਨ ਵਜੇ ਦੇ ਕਰੀਬ ਜਦੋਂ ਉਸ ਦੀ ਦੋਹਤੀ ਕਾਲਜ ਤੋਂ ਪੜ੍ਹ ਕੇ ਵਾਪਸ ਆਈ ਤਾਂ ਘਰ ਦਾ ਗੇਟ ਬਾਹਰੋਂ ਬੰਦ ਸੀ।
ਇਹ ਵੀ ਪੜ੍ਹੋ : ਜਲੰਧਰ ਦੀ ਚਰਚ ’ਚ ਹੋਈ ਬੱਚੀ ਦੀ ਮੌਤ ਦਾ ਮਾਮਲਾ ਭਖਣ ਮਗਰੋਂ ਮੀਡੀਆ ਸਾਹਮਣੇ ਆਇਆ ਪਾਦਰੀ, ਦਿੱਤੀ ਸਫ਼ਾਈ
ਦੋਹਤੀ ਜਦੋਂ ਘਰ ਦਾ ਗੇਟ ਖੋਲ੍ਹ ਕੇ ਅੰਦਰ ਗਈ ਤਾਂ ਘਰ ਦੇ ਸਟੋਰ ’ਚ ਅਮਰਜੀਤ ਕੌਰ ਦੀ ਲਾਸ਼ ਪਈ ਸੀ। ਅਮਰਜੀਤ ਕੌਰ ਨੂੰ ਰੱਸੀ ਨਾਲ ਗਲ ਘੁੱਟ ਕੇ ਮਾਰਿਆ ਗਿਆ ਸੀ, ਉਸ ਤੋਂ ਪਹਿਲਾਂ ਲੁਟੇਰਿਆਂ ਅਤੇ ਅਮਰਜੀਤ ਕੌਰ ਵਿਚਕਾਰ ਕਾਫੀ ਜੱਦੋ-ਜਹਿਦ ਹੋਈ ਸੀ, ਜਿਸ ਕਾਰਨ ਅਮਰਜੀਤ ਕੌਰ ਦੀਆਂ ਬਾਹਾਂ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦੇ ਨਹੁੰ ਵੀ ਉੱਖੜ ਚੁੱਕੇ ਸਨ। ਲੁਟੇਰਿਆਂ ਵੱਲੋਂ ਅਮਰਜੀਤ ਕੌਰ ਦੇ ਕੰਨਾਂ ’ਚ ਪਾਈਆਂ ਵਾਲੀਆਂ ਅਤੇ ਬੈੱਡਰੂਮ ’ਚ ਪਈ ਅਲਮਾਰੀ ’ਚੋਂ ਨਕਦੀ ਵੀ ਚੋਰੀ ਕੀਤੀ ਗਈ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਚੌਕੀ ਪਚਰੰਗਾ ਦੇ ਇੰਚਾਰਜ ਚਰਨਜੀਤ ਸਿੰਘ, ਥਾਣਾ ਭੋਗਪੁਰ ਦੇ ਮੁਖੀ ਰਛਪਾਲ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜ ਗਏ ਹਨ ਅਤੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ, ਮਜੀਠੀਆ ਸਣੇ ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ
ਮ੍ਰਿਤਕਾ ਪਛਾਣ ਤੋਂ ਬਿਨਾਂ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਦੀ ਸੀ : ਪਿੰਡ ਵਾਸੀ
ਮ੍ਰਿਤਕਾ ਅਮਰਜੀਤ ਕੌਰ ਦੇ ਆਸ-ਪਾਸ ਦੇ ਘਰਾਂ ’ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਅਮਰਜੀਤ ਕੌਰ ਦਾ ਇਹ ਸੁਭਾਅ ਸੀ ਕਿ ਉਹ ਹਮੇਸ਼ਾ ਆਪਣੇ ਘਰ ਦਾ ਕੁੰਡਾ ਅੰਦਰੋਂ ਬੰਦ ਰੱਖਦੀ ਸੀ ਅਤੇ ਬਿਨਾਂ ਆਵਾਜ਼ ਪਛਾਣਨ ਤੋਂ ਕਿਸੇ ਲਈ ਵੀ ਉਹ ਆਪਣੇ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਦੀ ਸੀ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਜਾਣ-ਪਛਾਣ ਵਾਲੇ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕਿਉਂਕਿ ਅਮਰਜੀਤ ਵੱਲੋਂ ਕੁੰਡਾ ਖੁੱਲ੍ਹਣ ਤੋਂ ਬਾਅਦ ਲੁਟੇਰੇ ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਵੱਲੋਂ ਲੁੱਟ ਦੀ ਵਾਰਦਾਤ ਉਪਰੰਤ ਅਮਰਜੀਤ ਕੌਰ ਨੂੰ ਗਲੇ ’ਚ ਰੱਸੀ ਪਾ ਕੇ ਕਤਲ ਕਰ ਦਿੱਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਸ-ਪਾਸ ਰਹਿਣ ਵਾਲੇ ਕਿਸੇ ਜਾਣਕਾਰਾਂ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।